ਪੱਤਰ ਪ੍ਰੇਰਕ
ਬਠਿੰਡਾ, 30 ਨਵੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਟ੍ਰੋਨਿਕ ਮੀਡੀਆ ਨੂੰ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਰਕੇ ਨਿਹਾਲ ਕੀਤਾ ਹੈ। ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਤੋਂ ਆਰਟੀਆਈ ਤਹਿਤ ਮਿਲੀ ਸੂਚਨਾ ਅਨੁਸਾਰ ਬਿਜਲਈ ਮੀਡੀਆ ਨੂੰ ਜਾਰੀ ਕੀਤੇ ਗਏ ਵਿਗਿਆਪਨਾਂ ਵਿਚ ਸ਼ੁੱਭਕਾਮਨਾਵਾਂ ਸੰਦੇਸ਼ ਵਿਚ ਪਿਛਲੇ 5 ਸਾਲ 2016 ਤੋਂ 2021 ਤੱਕ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਰਾਜ ਭਾਗ ਦੌਰਾਨ 83,64,93, 552 ਰੁਪਏ ਖਰਚ ਕਰਕੇ ਬਿਜਲਈ ਮੀਡੀਆ ਨੂੰ ਨਿਹਾਲ ਕੀਤਾ ਗਿਆ। ਇਹ ਦਾਅਵਾ ਕਰਦਿਆਂ ਆਰਟੀਆਈ ਕਾਰਕੁਨ ਸੰਜੀਵ ਗੋਇਲ ਨੇ ਕਿਹਾ ਕਿ ਜੇਕਰ ਪ੍ਰਤੀ ਮਹੀਨੇ ’ਤੇ ਝਾਤ ਮਾਰੀ ਜਾਵੇ ਤਾਂ ਔਸਤਨ ਖਰਚ 1,39,41,559 ਰੁਪਏ ਇਸ਼ਤਿਹਾਰਬਾਜੀ ’ਤੇ ਖਰਚ ਕੀਤੇ ਗਏ।
ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਸਮੇਂ ਦੀਆਂ ਸਰਕਾਰਾਂ ਨੂੰ ਘੇਰਦਿਆਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਹੀ ਨਹੀਂ ਸਗੋਂ ਛੋਟੇ ਕਾਰਜਕਾਲ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਵੀ ਇਸ਼ਤਿਹਾਰਬਾਜ਼ੀ ’ਚ ਪਿੱਛੇ ਨਹੀਂ ਹਨ, ਜੋ ਸੂਬੇ ਦੇ ਹਰ ਸ਼ਹਿਰ ਪਿੰਡ ਅਤੇ ਸੜਕਾਂ ’ਤੇ ਚਲਦਿਆਂ ਸਰਕਾਰੀ ਬੱਸਾਂ ਤੇ ਫਲੈਕਸ ਬੋਰਡਾਂ ਸਮੇਤ ਬਿਜਲਈ ਮੀਡੀਆ ਅਤੇ ਅਖ਼ਬਾਰਾਂ ’ਤੇ ਦਰਸ਼ਨ ਦੇ ਰਹੇ ਹਨ। ਉਨ੍ਹਾਂ ਖਜ਼ਾਨਾ ਖਾਲੀ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਕਿ ਸੂਬੇ ਅੰਦਰ ਸਿਰਫ਼ ਤੇ ਸਿਰਫ਼ ਵੋਟਰਾਂ ਨੂੰ ਇਸ਼ਤਿਹਾਬਾਜ਼ੀ ਨਾਲ ਗੁਮਰਾਹ ਕਰਕੇ ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ ਵੋਟਰਾਂ ਨੂੰ ਹੁਣ ਫੇਰ ਗੁਮਰਾਹ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਕਿ ਸੂਬੇ ਅੰਦਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਕੀਤਾ।