ਸੰਜੀਵ ਹਾਂਡਾ
ਫ਼ਿਰੋਜ਼ਪੁਰ, 31 ਜੁਲਾਈ
ਫ਼ਿਰੋਜ਼ਪੁਰ ਰੇਲ ਮੰਡਲ ਦੇ ਸਥਾਨਕ ਦਫ਼ਤਰ ਵਿੱਚ ਵਧੀਕ ਡਿਵੀਜ਼ਨਲ ਰੇਲ ਪ੍ਰਬੰਧਕ ਦੇ ਅਹੁਦੇ ’ਤੇ ਤਾਇਨਾਤ ਬੀ.ਪੀ. ਸਿੰਘ ਦੀ ਪਤਨੀ ਜੋਤੀ ਸਿੰਘ ਦਾ ਨਾਂ ਬੁੱਕ ਆਫ਼ ਇੰਡੀਆ ਵਿੱਚ ਦਰਜ ਕੀਤਾ ਗਿਆ ਹੈ। ਜੋਤੀ ਸਿੰਘ ਨੇ ਹੌਲੀਹਾਕ ਨਾਂ ਦੇ ਪੌਦੇ ਨੂੰ 12 ਫੁੱਟ ਤਿੰਨ ਸੈਂਟੀਮੀਟਰ ਤੱਕ ਵਧਾ ਕੇ ਇਹ ਖ਼ਿਤਾਬ ਹਾਸਲ ਕੀਤਾ ਹੈ।
ਬੂਟਿਆਂ ਦਾ ਬੱਚਿਆਂ ਦੀ ਤਰ੍ਹਾਂ ਪਾਲਣ ਪੋਸ਼ਣ ਕਰਨ ਵਾਲੀ ਜੋਤੀ ਸਿੰਘ ਚਾਹੁੰਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਉਪਰਾਲੇ ਤੋਂ ਪ੍ਰੇਰਨਾ ਲੈ ਕੇ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ। ਜੋਤੀ ਸਿੰਘ ਨੇ ਦੱਸਿਆ ਕਿ ਹੌਲੀਹਾਕ ਦਾ ਪੌਦਾ ਏਸ਼ੀਆ ਅਤੇ ਯੂਰੋਪ ਵਿੱਚ ਪਾਇਆ ਜਾਂਦਾ ਹੈ। ਇਹ 25 ਤੋਂ 27 ਡਿਗਰੀ ਦੇ ਤਾਪਮਾਨ ਵਿੱਚ ਉੱਗ ਸਕਦਾ ਹੈ ਪਰ ਪੰਜਾਬ ਦਾ ਤਾਪਮਾਨ ਜ਼ਿਆਦਾ ਹੋਣ ਕਾਰਨ ਇੱਥੇ ਇਹ ਬੂਟਾ ਸਿਰਫ਼ ਛੇ ਫੁੱਟ ਤੱਕ ਹੀ ਪਹੁੰਚਦਾ ਹੈ। ਉਨ੍ਹਾਂ ਇਸ ਪੌਦੇ ਦੀ ਵਿਸ਼ੇਸ਼ ਦੇਖਭਾਲ ਕਰ ਕੇ ਇਸ ਨੂੰ 12 ਫੁੱਟ ਤੋਂ ਵੀ ਵੱਧ ਦੀ ਉਚਾਈ ਦੇ ਕੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਬਾਗਬਾਨੀ ਵਿਭਾਗ ਦੀ ਟੀਮ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਇਸ ਦਾ ਨਾਪ ਲਿਆ। ਜੋਤੀ ਨੇ ਇੰਟਰਨੈੱਟ ’ਤੇ ਸਰਚ ਕਰ ਕੇ ਆਪਣੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਬੁੱਕ ਆਫ਼ ਇੰਡੀਆ ਨੂੰ ਦਿੱਤੀ, ਜਿਸ ਮਗਰੋਂ ਇਹ ਖ਼ਿਤਾਬ ਬੁੱਕ ਆਫ਼ ਇੰਡੀਆ ਦੇ ਚੇਅਰਮੈਨ ਡਾ. ਵਿਸ਼ਵਰੂਪ ਰਾਏ ਚੌਧਰੀ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ। ਜੋਤੀ ਸਿੰਘ ਨੇ ਆਪਣੇ ਘਰ ਵਿੱਚ ਵੀ ਕਈ ਤਰ੍ਹਾਂ ਦੇ ਬੂਟੇ ਲਗਾ ਕੇ ਘਰ ਨੂੰ ਵਿਲੱਖਣ ਸੁੰਦਰਤਾ ਪ੍ਰਦਾਨ ਕੀਤੀ ਹੋਈ ਹੈ। ਉਨ੍ਹਾਂ ਨੂੰ ਇਹ ਪ੍ਰੇਰਣਾ ਆਪਣੇ ਪਿਤਾ ਤੋਂ ਮਿਲੀ। ਉਨ੍ਹਾਂ ਦੇ ਪਿਤਾ ਫੌਜ ਵਿੱਚ ਅਫ਼ਸਰ ਸਨ।