ਭਗਵਾਨ ਦਾਸ ਗਰਗ
ਨਥਾਣਾ, 14 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਪਿੰਡਾਂ ਵਿੱਚ ਦਾਖਲਾ ਬੰਦ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ। ਇਸੇ ਮੁਹਿੰਮ ਤਹਿਤ ਜਥੇਬੰਦੀ ਵੱਲੋਂ ਅੱਜ ਪਿੰਡ ਗੋਬਿੰਦਪੁਰਾ ਵਿਖੇ ਸਾਂਝੀਆਂ ਥਾਵਾਂ ’ਤੇ ਫਲੈਕਸ ਬੋਰਡ ਲਾਏ ਗਏ ਹਨ। ਇਨ੍ਹਾਂ ਵਿੱਚ ਲਿਖਿਆ ਗਿਆ ਹੈ ਕਿ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਹੋਣ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦੇ ਨੇਤਾ ਦਾ ਪਿੰਡ ਗੋਬਿੰਦਪੁਰਾ ਵਿੱਚ ਆਉਣਾ ਅਤੇ ਸਿਆਸੀ ਸਰਗਰਮੀਆਂ ਕਰਨ ਦੀ ਮਨਾਹੀ ਹੈ। ਇਹ ਵੀ ਕਿਹਾ ਗਿਆ ਹੈ ਕਿ ਪਿੰਡ ਦਾ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂ ਨੂੰ ਪਿੰਡ ਵਿੱਚ ਬੁਲਾਉਂਦਾ ਹੈ ਤਾਂ ਉਸ ਤੋਂ ਨਿਕਲਣ ਵਾਲੇ ਨਤੀਜੇ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ। ਇਸ ਸਬੰਧੀ ਪਿੰਡ ਵਾਸੀਆਂ ਨੇ ਆਪਸੀ ਤੌਰ ’ਤੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਮੋਗਾ (ਨਿੱਜੀ ਪੱਤਰ ਪੇ੍ਰਕ): ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਤੇ ਬਾਈਕਾਟ ਸਬੰਧੀ ਬੋਰਡ ਲਾ ਦਿੱਤੇ ਹਨ। ਪਿੰਡ ਭਲੂਰ ਵਿਖੇ ਕਿਸਾਨ ਜੱਥੇਬੰਦੀਆਂ ਦੀਆਂ ਇਕਾਈਆਂ ਭਾਰਤੀ ਕਿਸਾਨ ਯੂੁਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੁੂਨੀਅਨ ਕਾਦੀਆਂ ਵੱਲੋਂ ਸਾਂਝੇ ਤੌਰ ’ਤੇ ਖੋਸਿਆਂ ਵਾਲੀ ਧਰਮਸ਼ਾਲਾ ਵਿੱਚ ਇਕੱਠ ਕੀਤਾ ਗਿਆ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਪਿੰਡ ਵਿੱਚ ਰਾਜਨੀਤਿਕ ਸਰਗਰਮੀਆਂ ਵਾਸਤੇ ਆਉਣ ਵਾਲੇ ਲੀਡਰ ਦਾ ਵਿਰੋਧ ਕੀਤਾ ਜਾਵੇਗਾ। ਇਸ ਵਾਸਤੇ ਕੋਈ ਵੀ ਲੀਡਰ ਪਿੰਡ ਵਿੱਚ ਨਾ ਆਵੇ। ਇਸ ਮੌਕੇ ਕਿਸਾਨ ਇਕਾਈਆਂ ਵੱਲੋਂ ਸਾਂਝੇ ਤੌਰ ’ਤੇ ਇੱਕ ਫਲੈਕਸੀ ਪੋਸਟਰ ਜਾਰੀ ਕੀਤਾ ਗਿਆ ਅਤੇ ਇਸ ਨੂੰ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਲਗਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਨੂੰ ਪਿੰਡ ਵਿੱਚ ਸਿਆਸੀ ਕਿਸੇ ਨੂੰ ਸਮਾਗਮ ਲਈ ਵੜਨ ਨਹੀਂ ਦਿੱਤਾ ਜਾਵੇਗਾ।