ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਅਕਤੂਬਰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਲੰਘੀ 28 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਵਿੱਚ ਕੀਤੀ ਸੂਬਾ ਪੱਥਰੀ ਰੈਲੀ ਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੀਤੀਆਂ ਕੁੱਝ ਟਿੱਪਣੀਆਂ ਤੋਂ ਬਾਅਦ ਉਗਰਾਹਾਂ ਜੱਥੇਬੰਦੀ ਲਈ ਮੁਸ਼ਕਿਲਾਂ ਖੜ੍ਹੀਆਂ ਹੋਣ ਲੱਗੀਆਂ ਹਨ। ਅੱਜ ਪਿੰਡ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਮੀਟਿੰਗ ਕਰਕੇ ਅੱਜ ਤੋਂ ਬਾਅਦ ਬੀਕੇਯੂ ਉਗਰਾਹਾਂ ਦੀ ਕੋਈ ਵੀ ਮੀਟਿੰਗ ਗੁਰਦੁਆਰੇ ਵਿੱਚ ਨਾ ਹੋਣ ਦੇਣ ਦਾ ਫ਼ੈਸਲਾ ਲਿਆ ਗਿਆ।
ਇਸ ਸਬੰਧੀ ਗੱਲਬਾਤ ਕਰਦਿਆ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੇ ਕਿਹਾ ਸਾਡਾ ਉਗਰਾਹਾਂ ਜੱਥੇਬੰਦੀ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਹੈ ਤੇ ਸਿਰਫ਼ ਵਿਚਾਰਾਂ ਦੇ ਮਤਭੇਦ ਹਨ। ਉਨ੍ਹਾਂ ਕਿਹਾ ਕਿ ਉਗਰਾਹਾਂ ਜੱਥੇਬੰਦੀ ਸੂਬਾ ਪੱਧਰੀ ਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਹੀ ਕਰਦੀ ਹੁੰਦੀ ਸੀ। ਜੇਕਰ ਜੱਥੇਬੰਦੀ ਸਿਰਫ਼ ਕਿਸਾਨੀ ਮੁੱਦਿਆਂ ਤੱਕ ਹੀ ਸੀਮਤ ਹੁੰਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਸੀ ਪਰ ਜਦੋ ਤੋਂ ਇਹ ਧਾਰਮਿਕ ਮਸਲਿਆਂ ’ਚ ਵੀ ਦਖਲਅੰਦਾਜ਼ੀ ਕਰਨ ਲੱਗੇ ਹਨ ਤੇ ਟਿੱਪਣੀਆਂ ਕਰਨ ਲੱਗੇ ਹਨ ਤਾਂ ਚੀਮਾ ਨਗਰ ਦੇ ਲੋਕਾਂ ਵੱਲੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਬਰਨਾਲਾ ਰੈਲੀ ਦੌਰਾਨ ਜੱਥੇਬੰਦੀ ਦੇ ਸੂਬਾ ਪ੍ਰਧਾਨ ਦੀਆਂ ਕੁੱਝ ਟਿੱਪਣੀਆਂ ਨੇ ਸਿੱਖ ਕੌਮ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਦੇ ਆਗੂਆਂ ਨੂੰ ਬੇਨਤੀ ਕਿ ਅੱਗੇ ਤੋਂ ਉਹ ਕੋਈ ਵੀ ਮੀਟਿੰਗ ਗੁਰੂਘਰ ਵਿੱਚ ਨਾ ਰੱਖਣ ਕਿਉਂਕਿ ਅਜਿਹਾ ਕਰਨ ਨਾਲ ਪਿੰਡ ਵਿੱਚ ਤਕਰਾਰਬਾਜ਼ੀ ਹੋ ਸਕਦੀ ਹੈ।
ਇਸ ਸਮੇਂ ਕਮੇਟੀ ਆਗੂ ਅਵਤਾਰ ਸਿੰਘ ਬੂਰਾ, ਗੁਰਚੇਤ ਸਿੰਘ ਭੰਗੂ ਹਾਜ਼ਰ ਸਨ।