ਬਲਜੀਤ ਸਿੰਘ
ਸਰਦੂਲਗੜ੍ਹ, 14 ਜੁਲਾਈ
ਮਾਨਸਾ-ਸਿਰਸਾ ਨੈਸ਼ਨਲ ਹਾਈਵੇਅ ’ਤੇ ਬਿਜਲੀ ਦਫ਼ਤਰ ਦੇ ਸਾਹਮਣੇ ਲੰਬੇ ਸਮੇਂ ਤੋਂ ਬਣੇ ਖੱਡਿਆਂ ਤੋਂ ਰਾਹਗੀਰ ਪ੍ਰੇਸ਼ਾਨ ਹਨ ਪਰ ਪ੍ਰਸ਼ਾਸਨ ਤੇ ਸਬੰਧਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਪ੍ਰੇਸ਼ਾਨ ਹਨ, ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਚਿੱਕੜ ਅਤੇ ਟੁੱਟੀ ਹੋਈ ਸੜਕ ਹੋਣ ਕਾਰਨ ਕੋਈ ਵੀ ਗਾਹਕ ਨਹੀਂ ਰੁਕਦਾ। ਆਏ ਦਿਨ ਆਉਂਦੇ ਜਾਂਦੇ ਸਕੂਟਰ ਮੋਟਰਸਾਈਕਲ ਇਨ੍ਹਾਂ ਖੱਡਿਆਂ ਵਿੱਚ ਵੱਜ ਕੇ ਡਿੱਗਦੇ ਅਤੇ ਖ਼ਰਾਬ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਰਾਤ ਸਮੇਂ ਸੜਕ ’ਤੇ ਕੋਈ ਵੀ ਸਟਰੀਟ ਲਾਈਟ ਨਾ ਹੋਣ ਕਾਰਨ ਚਾਰ ਪਹੀਆ ਵਾਹਨਾਂ ਨੂੰ ਨੇੜੇ ਆ ਕੇ ਪਤਾ ਚੱਲਦਾ ਹੈ ਤੇ ਖੱਡੇ ਵਿੱਚ ਵੱਜਣ ਨਾਲ ਇਨ੍ਹਾਂ ਵਾਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ।
ਇਸ ਸਬੰਧੀ ਕਾਮਰੇਡ ਲਾਲ ਚੰਦ, ਬਿੱਕਰਜੀਤ ਸਾਧੂਵਾਲਾ ਤੇ ‘ਆਪ’ ਆਗੂ ਚਰਨ ਦਾਸ ਨੇ ਕਿਹਾ ਕਿ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀ ਹਰ ਰੋਜ਼ ਇਸ ਟੁੱਟੀ ਹੋਈ ਸੜਕ ਤੋਂ ਲੰਘਦੇ ਹਨ ਫੇਰ ਵੀ ਇਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਕਿ ਕੋਈ ਵੱਡੇ ਹਾਦਸੇ ਨੂੰ ਟਾਲਿਆ ਜਾ ਸਕੇ। ਪੀ.ਡਬਲਯੂ.ਡੀ (ਬੀ ਐਂਡ ਆਰ) ਦੇ ਐਕਸੀਅਨ ਮੰਦਰ ਸਿੰਘ ਦਾ ਕਹਿਣਾ ਹੈ ਕਿ ਮਹਿਕਮੇ ਵੱਲੋਂ ਇਸ ਸੜਕ ਦਾ ਟੈਂਡਰ ਕੀਤਾ ਗਿਆ ਸੀ ਪਰ ਸਰਕਾਰੀ ਪ੍ਰਵਾਨਗੀ ਨਾ ਮਿਲਣ ਕਾਰਨ ਰੱਦ ਕਰ ਦਿੱਤਾ ਗਿਆ। ਹੁਣ ਦੂਸਰੀ ਵਾਰ ਸੜਕ ਦਾ ਪੈਚਵਰਕ ਕਰਨ ਲਈ ਐਸਟੀਮੇਟ ਬਣਾ ਕੇ ਭੇਜਿਆ ਗਿਆ ਹੈ ਤੇ ਅਪਰੂਵਲ ਆਉਣ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।