ਨਿੱਜੀ ਪੱਤਰ ਪ੍ਰੇਰਕ
ਮਲੋਟ, 18 ਨਵੰਬਰ
ਇੱਥੇ ਅਨਾਜ ਮੰਡੀਆਂ ਵਿੱਚੋਂ ਝੋਨਾ ਚੁੱਕ ਰਹੇ ਟਰਾਲੇ ਅਤੇ ਹੋਰ ਓਵਰਲੋਡ ਵਾਹਨ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ, ਜੋ ਕਿ ਇੰਨੇ ਭਰੇ ਵਾਹਨ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਸਬੰਧੀ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਦਿਖਾਇਆ ਕੇ ਇਹ ਟਰੱਕ ਉੱਤੋਂ ਤੱਕ ਲੱਦੇ ਹੁੰਦੇ ਹਨ ਕਿ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਨਾਲ ਖਹਿਣ ਤੋਂ ਇਲਾਵਾ ਕਿਸੇ ਵੀ ਨਿੱਕੇ ਵਾਹਨ ’ਤੇ ਪਲਟ ਸਕਦੇ ਹਨ। ਓਵਰਲੋਡ ਟਰਾਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲਿਫਟਿੰਗ ਠੇਕੇਦਾਰਾਂ ਨੂੰ ਪੁਲੀਸ ਪ੍ਰਸ਼ਾਸਨ ਜਾਂ ਮੰਡੀ ਬੋਰਡ ਅਧਿਕਾਰੀਆਂ ਦਾ ਕੋਈ ਡਰ ਭੈਅ ਨਹੀਂ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਸ਼ਮਸ਼ੇਰ ਸਿੰਘ ਕੌਲਧਰ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ , ਸਥਾਨਕ ਪੁਲੀਸ ਨਾਲ ਗੱਲ ਕਰੋ। ਜਦ ਟਰੈਫ਼ਿਕ ਪੁਲੀਸ ਇੰਚਾਰਜ ਜਰਨੈਲ ਸਿੰਘ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨੀਂ ਹੀ ਨਿਯੁਕਤ ਹੋਏ ਹਨ, ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਗੇ।