ਪੱਤਰ ਪ੍ਰੇਰਕ
ਮਾਨਸਾ, 13 ਜੂਨ
ਪੰਜਾਬ ਸਰਕਾਰ ਨੇ ਮੂੰਗੀ ਨੂੰ ਸਮਰੱਥਨ ਮੁੱਲ (7275 ਰੁਪਏ ਪ੍ਰਤੀ ਕੁਇੰਟਲ) ’ਤੇ ਖਰੀਦਣ ਲਈ ਮਾਰਕਫੈੱਡ ਨੂੰ ਚੁਣਿਆ ਗਿਆ ਹੈ। ਇਹ ਖਰੀਦ 31 ਜੁਲਾਈ ਤੱਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ 25 ਹਜ਼ਾਰ ਏਕੜ ਤੋਂ ਵੱਧ ਰਕਬੇ ਵਿੱਚ ਮੂੰਗੀ ਬੀਜ ਕੇ ਸੂਬੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਮਾਰਕਫੈੱਡ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੂੰਗੀ ਦੀ ਖਰੀਦ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਮਾਰਕੀਟ ਕਮੇਟੀ ਦਫ਼ਤਰ ਵਿੱਚ ਹੋਵੇਗੀ ਅਤੇ ਪਟਵਾਰੀ ਦੁਆਰਾ ਸਬੰਧਤ ਕਿਸਾਨ ਦੀ ਮੂੰਗੀ ਦੀ ਪੈਦਾਵਾਰ ਦੀ ਪ੍ਰਮਾਣਿਕਤਾ ਨੂੰ ਤਸਦੀਕ ਕੀਤਾ ਜਾਵੇਗਾ। ਕਿਸਾਨਾਂ ਦੀ ਸਹਾਇਤਾ ਲਈ ਮੰਡੀਆਂ ਵਿੱਚ ਸਹਿਕਾਰੀ ਸਭਾਵਾਂ ਲਗਾਈਆਂ ਗਈਆਂ ਹਨ। ਮੂੰਗੀ ਦੀ ਖਰੀਦ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਕੀਤਾ ਜਾਵੇਗਾ।
ਮਾਨਸਾ ਦੇ ਡੀਸੀ ਜਸਪ੍ਰੀਤ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਮੂੰਗੀ ਦੀ ਖਰੀਦ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 10 ਹਜ਼ਾਰ ਮੀਟਰਕ ਟਨ ਮੂੰਗੀ ਦੀ ਫ਼ਸਲ ਦੀ ਆਮਦ ਦੀ ਸੰਭਾਵਨਾ ਹੈ। ਮੰਡੀਆਂ ’ਚ ਫ਼ਸਲ ਖਰੀਦਣ ਲਈ ਸਟਾਫ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਮੁੰਗੀ ਦੀ ਫਸਲ ਦੀ ਖਰੀਦ ਵਾਸਤੇ ਬਾਰਦਾਨੇ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪ੍ਰਤੀ ਬੈਗ ਦੀ ਭਰਤੀ 50 ਕਿਲੋ ਦੇ ਹਿਸਾਬ ਨਾਲ ਕਰਨ ਦੇ ਆਦੇਸ਼ ਦਿੱਤੇ।