ਰਵਿੰਦਰ ਰਵੀ
ਬਰਨਾਲਾ, 2 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਡੀਸੀ ਦਫ਼ਤਰ ਦਾ ਘਿਰਾਓ ਕਰ ਕੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਹੀਦ ਹੋਏ ਕਿਸਾਨ ਦਰਸ਼ਨ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਬੈਂਕ ਕਰਜ਼ੇ ’ਤੇ ਲਕੀਰ ਮਾਰਨ ਦਾ ਅੱਜ ਤੱਕ ਅਲਟੀਮੇਟਮ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ, ਪਰ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਕਾਰਨ ਯੂਨੀਅਨ ਨੂੰ ਅੱਜ ਡੀਸੀ ਦਫ਼ਤਰ ਦਾ ਘਿਰਾਓ ਕਰਨਾ ਪਿਆ। ਅਖੀਰ ਕਿਸਾਨੀ ਰੋਹ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ੀ ਲਈ ਸਰਕਾਰ ਨੂੰ ਲਿਖਣ ਦਾ ਭਰੋਸਾ ਦਿੱਤਾ।
ਬਡਬਰ ਟੌਲ ਪਲਾਜ਼ਾ ’ਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਬੀਤੇ ਦਿਨੀਂ ਕਿਸਾਨ ਦਰਸ਼ਨ ਸਿੰਘ ਦੀ ਮੌਤ ਹੋ ਗਈ ਸੀ ਜਿਸਦੀ ਦੇਹ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ’ਚ ਰੱਖੀ ਗਈ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਭਗਤ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਗੁਰਵਿੰਦਰ ਕੌਰ ਕਾਲੇਕੇ ਤੇ ਪਰਮਜੀਤ ਕੌਰ ਕੱਟੂ ਤੇ ਹੋਰ ਆਗੂ ਹਾਜ਼ਰ ਸਨ।