ਸ਼ੰਗਾਰਾ ਸਿੰਘ ਅਕਲੀਆ
ਜੋਗਾ, 13 ਅਗਸਤ
ਡੇਰਾ ਮਸਤ ਰਾਮ ਰੱਲਾ ਦੀ ਗੱਦੀ ਸਬੰਧੀ ਮਹੰਤ ਗੋਪਾਲ ਦਾਸ ਅਤੇ ਬਾਬਾ ਸੁਰਮੁੱਖ ਦਾਸ ਵਿਚਾਲੇ ਚੱਲੀ ਆ ਰਹੀ ਖਿੱਚੋ-ਤਾਣ ਕਾਰਨ ਡੇਰਾ ਮਸਤ ਰਾਮ ਰੱਲਾ ਬਚਾਓ ਐਕਸ਼ਨ ਕਮੇਟੀ ਵੱਲੋਂ ਰੱਲਾ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸਹਿਯੋਗ ਦੇ ਨਾਲ ਦਿੱਤੇ ਜਾ ਰਿਹਾ ਧਰਨਾ ਅੱਜ ਸਮਾਪਤ ਹੋ ਗਿਆ। ਇਸ ਤੋਂ ਪਹਿਲਾਂ ਅੱਜ ਲੱਗੇ ਧਰਨੇ ਦੌਰਾਨ ਕਮੇਟੀ ਪ੍ਰਧਾਨ ਰੁਪਿੰਦਰ ਸਿੰਘ ਲਾਲੀ ਰੱਲਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾਂ) ਦੇ ਆਗੂ ਰਾਜ ਸਿੰਘ ਅਕਲੀਆ ਨੇ ਕਿਹਾ ਕਿ ਮੰਗਾਂ ਪ੍ਰਵਾਨ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ’ਤੇ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਧਰਨੇ ਸਥਾਨ ’ਤੇ ਪਹੁੰਚੇ ਡੀਐੱਸਪੀ ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਡੇਰਾ ਮਸਤ ਰਾਮ ਰੱਲਾ ਬਚਾਓ ਐਕਸ਼ਨ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾਂ) ਦੇ ਆਗੂਆਂ ਨੂੰ ਡੇਰੇ ਦੇ ਅੰਦਰ ਸੱਦ ਕੇ ਇੱਕ ਤਿੰਨ ਧਿਰੀ ਮੀਟਿੰਗ ਕਰਕੇ ਸਵੇਰੇ ਦਸ ਵਜੇ ਦੇ ਕਰੀਬ ਮਾਨਸਾ ਦਫ਼ਤਰ ਆਉਣ ਦੀ ਸਹਿਮਤੀ ਲਈ, ਵਿਸ਼ਵਾਸ ਦਿਵਾਇਆ ਕਿ ਕੋਈ ਕਾਨੂੰਨੀ ਅੜਚਣ ਨਾ ਹੋਣ ’ਤੇ ਬਾਬਾ ਸੁਰਮੁੱਖ ਦਾਸ ਨੂੰ ਡੇਰਾ ਮਸਤ ਰਾਮ ਰੱਲਾ ਵਿੱਚੋਂ ਕੱਢਿਆ ਨਹੀਂ ਜਾਵੇਗਾ। ਇਸ ਮਗਰੋਂ ਧਰਨਾਕਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।