ਜੋਗਿੰਦਰ ਸਿੰਘ ਮਾਨ
ਮਾਨਸਾ, 19 ਮਈ
ਮਾਨਸਾ ਜ਼ਿਲ੍ਹੇ ਦੇ ਜਿਹੜੇ ਤਿੰਨ ਪਿੰਡਾਂ ਦੇ ਕਿਸਾਨਾਂ ਨੇ ਕੱਲ੍ਹ ਸਿੰਜਾਈ ਵਿਭਾਗ ਦੇ ਐਕਸੀਅਨ ਦਫ਼ਤਰ ਅੱਗੇ ਨਹਿਰੀ ਪਾਣੀ ਦੀ ਹੋ ਰਹੀ ਚੋਰੀ ਨੂੰ ਰੋਕਣ ਲਈ ਧਰਨਾ ਦਿੱਤਾ ਸੀ। ਉਨ੍ਹਾਂ ਕਿਸਾਨਾਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਲਿਖਤੀ ਭਰੋਸਾ ਸੌਂਪਿਆ ਗਿਆ। ਇਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਮਾਲਵਾ) ਦੀ ਪੰਜਾਬ ਇਕਾਈ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਵੱਲੋਂ ਕੀਤੀ ਗਈ।ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦੋਸ਼ ਲਾਇਆ ਕਿ ਗਰਮੀ ਦੇ ਕਹਿਰ ਦੌਰਾਨ ਫ਼ਸਲਾਂ ਸੁੱਕ ਰਹੀਆਂ ਹਨ। ਟੇਲ ’ਤੇ ਪੈਂਦੇ ਪਿੰਡਾਂ ਭਲਾਈਕੇ, ਝੇਰਿਆਂਵਾਲੀ ਅਤੇ ਬੀਰੇਵਾਲਾ ਦੇ ਲੋਕ ਅਤੇ ਖੇਤ ਪਾਣੀ ਤੋਂ ਪਿਆਸੇ ਹੋਏ ਪਏ ਹਨ। ਕਿਸਾਨ ਆਗੂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਲਿਖਤੀ ਭਰੋਸਾ ਦਿਵਾਇਆ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਆਉਣ ਵਾਲੀ ਬੰਦੀ ਤੱਕ ਉਡਤ ਬ੍ਰਾਂਚ ਵਿੱਚ ਲਗਾਤਾਰ ਅੱਠ ਹਿੱਸੇ ਪਾਣੀ ਚੱਲੇਗਾ। ਇਸ ਤੋਂ ਇਲਾਵਾ ਉਡਤ ਬ੍ਰਾਂਚ ਦੇ ਲੱਗੇ ਸਾਰੇ ਮੋਘਿਆਂ ਦੀ ਇੰਸਪੈਕਸ਼ਨ ਲਈ ਕਮੇਟੀ ਦਾ ਗਠਨ ਕੀਤਾ ਗਿਆ, ਜੋ ਆਪਣੀ ਰਿਪੋਰਟ ਆਉਣ ਵਾਲੀ ਬੰਦੀ ਤੋਂ ਪਹਿਲਾਂ ਵਿਭਾਗ ਕੋਲ ਪੇਸ਼ ਕਰੇਗੀ।