ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਨਰਮੇ ਸਮੇਤ ਹੋਰਨਾਂ ਫਸਲਾਂ ਦੇ ਗੁਲਾਬੀ ਸੁੰਡੀ ਤੇ ਮੀਹਾਂ ਕਾਰਨ ਹੋਏ ਨੁਕਸਾਨ ਦਾ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ, ਸੰਘਰਸ਼ਸ਼ੀਲ ਮਜ਼ਦੂਰਾਂ-ਕਿਸਾਨਾਂ ’ਤੇ ਬਣੇ ਕੇਸ ਵਾਪਿਸ ਲੈਣ ਤੇ ਰਾਇਕੇ ਕਲਾਂ ਦੇ ਕਿਸਾਨ ਦੀ ਖੁਦਕੁਸ਼ੀ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਤੇ ਹੋਰ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲਦੇ ਧਰਨੇ ਦੌਰਾਨ ਅੱਜ ਸੜਕ ਜਾਮ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸੰਘਰਸ਼ ਦੀ ਹਮਾਇਤ ’ਚ ਬਠਿੰਡਾ, ਫਾਜ਼ਿਲਕਾ ਤੇ ਫਰੀਦਕੋਟ ਜ਼ਿਲਿਆਂ ’ਚੋਂ ਵੀ ਸ਼ਮੂਲੀਅਤ ਕੀਤੀ ਗਈ। ਰੋਹ ਵਿੱਚ ਆਏ ਕਿਸਾਨ-ਮਜ਼ਦੂਰ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਜ਼ਦੂਰ ਕਿਸਾਨ ਵਿਰੋਧੀ ਰਵੱਈਏ ਦੀ ਸਖ਼ਤ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਮੁਕਤਸਰ ਧਰਨੇ ਦੀਆਂ ਮੰਗਾਂ ਦੀ ਅਵਾਜ਼ ਹੁਣ 12 ਸਤੰਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਮਜ਼ਦੂਰ ਜਥੇਬੰਦੀਆਂ ਵੱਲੋਂ ਲਾਏ ਜਾ ਰਹੇ ਸੂਬਾਈ ਮੋਰਚੇ ਵਿੱਚ ਵੀ ਬੁਲੰਦ ਕੀਤੀ ਜਾਵੇਗੀ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਖਿੱਧ ਕਾਰਗੁਜ਼ਾਰੀ ਕਾਰਨ ਪਹਿਲਾਂ ਪੀੜਤਾਂ ਦੇ ਵੱਡੇ ਹਿੱਸੇ ਨੂੰ ਛੱਡ ਕੇ ਸਿਰਫ਼ 5 ਕਰੋੜ ਰੁਪਏ ਹੀ ਜਾਰੀ ਕੀਤੇ ਗਏ ਸਨ ਪਰ ਜਥੇਬੰਦੀਆਂ ਦੇ ਲੰਬੀ ’ਚ ਤਿੱਖੇ ਸੰਘਰਸ਼ ਤੋਂ ਬਾਅਦ ਨਰਮਾ ਖ਼ਰਾਬੇ ਦਾ 55 ਕਰੋੜ ਰੁਪਏ ਦਾ ਮਜ਼ਦੂਰਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ, ਮਜ਼ਦੂਰਾਂ ਕਿਸਾਨਾਂ ‘ਤੇ ਦਰਜ਼ ਕੇਸ ਵਾਪਿਸ ਲੈਣ ਅਤੇ ਲੰਬੀ ਵਿਖੇ ਲਾਠੀਚਾਰਜ ਦੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਪੜਤਾਲ ਕਰਕੇ ਕਾਰਵਾਈ ਵਰਗੀਆਂ ਮੰਗਾਂ ਮੁੱਖ ਮੰਤਰੀ ਵੱਲੋਂ ਜਥੇਬੰਦੀਆਂ ਨਾਲ਼ 5 ਅਪਰੈਲ ਨੂੰ ਦੋਹਾਂ ਜਥੇਬੰਦੀਆਂ ਦੇ ਸੂਬਾਈ ਫਵਦ ਨਾਲ਼ ਮੀਟਿੰਗ ਕਰਕੇ ਪ੍ਰਵਾਨ ਕੀਤੀਆਂ ਗਈਆਂ ਸਨ। ਕਿਸਾਨ ਆਗੂ ਪੂਰਨ ਸਿੰਘ ਦੋਦਾ ਗੁਰਭਗਤ ਸਿੰਘ ਭਲਾਈਆਣਾ ਖੇਤ ਮਜ਼ਦੂਰ ਆਗੂ ਗੁਰਜੰਟ ਸਿੰਘ ਸਾਉਂਕੇ ਤੇ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ 29 ਅਗਸਤ ਨੂੰ ਡੀ ਸੀ ਦਫਤਰ ਦੇ ਮੁਕੰਮਲ ਘਿਰਾਓ ਤੋਂ ਬਾਅਦ ਡੀਸੀ ਵੱਲੋਂ 10 ਸਤੰਬਰ ਤੱਕ ਮਜ਼ਦੂਰਾਂ-ਕਿਸਾਨਾਂ ਦੇ ਖਾਤਿਆਂ ’ਚ ਸੌ ਫ਼ੀਸਦੀ ਮੁਆਵਜ਼ਾ ਰਾਸ਼ੀ ਭੇਜਣ, ਪੁਲੀਸ ਕੇਸ ਵਾਪਸ ਲੈਣ ਵਰਗੇ ਜਨਤਕ ਐਲਾਨ ਕੀਤੇ ਗਏ ਸਨ, ਇਹ ਐਲਾਨ ਅਜੇ ਵੀ ਅਧਵਾਟੇ ਲਟਕ ਰਹੇ ਹਨ।