ਪੱਤਰ ਪ੍ਰੇਰਕ
ਲੰਬੀ, 13 ਅਗਸਤ
ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਲਈ ਜਥੇਬੰਦਕ ਸਰਗਰਮੀਆਂ ਚੱਲ ਰਹੀਆਂ ਹਨ। ਇਸ ਅਹੁਦੇ ਲਈ ਲੰਬੀ ਹਲਕੇ ਵਿੱਚੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਕਾਂਗਰਸ ਸੇਵਾ ਦਲ ਦੇ ਜਥੇਬੰਦਕ ਸਕੱਤਰ ਗੁਰਜੰਟ ਸਿੰਘ ਬਰਾੜ (ਕਿੱਲਿਆਂਵਾਲੀ) ਦਾ ਨਾਂਅ ਸਾਹਮਣੇ ਆ ਰਿਹਾ ਹੈ। ਉਹ 2017 ਅਤੇ 2022 ਵਿਧਾਨ ਸਭਾ ਚੋਣਾਂ ਤੋਂ ਲੰਬੀ ਹਲਕੇ ਦੀ ਕਾਂਗਰਸ ਟਿਕਟ ਲਈ ਦਾਅਵੇਦਾਰੀ ਜਤਾ ਚੁੱਕੇ ਹਨ। ਪਾਰਟੀ ਸੂਤਰਾਂ ਮੁਤਾਬਕ ਗੁਰਜੰਟ ਸਿੰਘ ਬਰਾੜ ਦੇ ਨਾਂਅ ’ਤੇ ਸੂਬਾਈ ਲੀਡਰਸ਼ਿਪ ਅਤੇ ਜ਼ਿਲ੍ਹੇ ਦੀ ਰਾਜਨੀਤੀ ਵਿਚਕਾਰ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਸੂਬਾ ਕਾਂਗਰਸ ਦੇ ਕਈ ਵੱਡੇ ਆਗੂ ਵੀ ਗੁਰਜੰਟ ਸਿੰਘ ਬਰਾੜ ਦੀ ਹਮਾਇਤ ਵਿੱਚ ਸਰਗਰਮ ਹਨ। ਗੁਰਜੰਟ ਬਰਾੜ ਕਰੀਬ ਤਿੰਨ ਦਹਾਕਿਆਂ ਤੋਂ ਲੰਬੀ ਹਲਕੇ ’ਚ ਕਾਂਗਰਸ ਪਾਰਟੀ ਵਿੱਚ ਸਰਗਰਮ ਹਨ ਅਤੇ ਉਨ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਛੇ ਪ੍ਰਧਾਨਾਂ ਦੇ ਕਾਰਜਕਾਲ ਦੌਰਾਨ ਵੱਖ-ਵੱਖ ਅਹੁਦੇਦਾਰੀਆਂ ਨੂੰ ਨਿਭਾਇਆ ਹੈ।
ਇਸ ਬਾਰੇ ਗੁਰਜੰਟ ਸਿੰਘ ਬਰਾੜ ਨੇ ਕਿਹਾ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ। ਉਹ ਲੰਬੇ ਸਮੇਂ ਤੋਂ ਪਾਰਟੀ ਲਈ ਕਾਰਜਸ਼ੀਲ ਹਨ। ਜੇ ਪਾਰਟੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੇਗੀ ਤਾਂ ਉਹ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ।