ਪੱਤਰ ਪ੍ਰੇਰਕ
ਅਬੋਹਰ, 19 ਸਤੰਬਰ
ਇੱਥੋਂ ਦੇ ਨਾਮਦੇਵ ਚੌਕ ਵਿੱਚ ਅੱਜ ਸਵੇਰੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਨਵਵਿਆਹੁਤਾ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਵਨੀਤ ਕੌਰ (22) ਪਤਨੀ ਗੁਰਤੇਜ ਸਿੰਘ ਵਾਸੀ ਪੱਕਾ ਸੀਡ ਫਾਰਮ ਹਨੂੰਮਾਨਗੜ੍ਹ ਰੋਡ ’ਤੇ ਆਈਲੈਟਸ ਕਰ ਰਹੀ ਸੀ ਅਤੇ ਉਸ ਦਾ ਵਿਆਹ ਕਰੀਬ ਛੇ ਮਹੀਨੇ ਪਹਿਲਾਂ ਗੁਰਤੇਜ ਸਿੰਘ ਨਾਲ ਹੋਇਆ ਸੀ। ਅੱਜ ਸਵੇਰੇ ਉਹ ਆਪਣੇ ਪਤੀ ਨੂੰ ਮਲੋਟ ਚੌਕ ’ਤੇ ਛੱਡ ਕੇ ਹਨੂੰਮਾਨਗੜ੍ਹ ਰੋਡ ’ਤੇ ਆਈਲੈਟਸ ਸੈਂਟਰ ਵੱਲ ਆ ਰਹੀ ਸੀ ਤਾਂ ਨਾਮਦੇਵ ਚੌਕ ਨੇੜੇ ਲੁੱਕ ਨਾਲ ਭਰੇ ਟਰਾਲੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਟਰਾਲਾ ਚਾਲਕ ਨੂੰ ਕਾਬੂ ਕਰ ਲਿਆ ਅਤੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਚਿਮਨ ਦੀ ਮਦਦ ਨਾਲ ਮ੍ਰਿਤਕਾ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ।
ਨਵ-ਵਿਆਹੁਤਾ ਦੀ ਭੇਤਭਰੀ ਹਾਲਤ ਵਿੱਚ ਮੌਤ
ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ਦੇ ਪਿੰਡ ਕੁਰਗਾਂਵਾਲੀ ਵਿੱਚ ਘਰ ਵਿੱਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਕਥਿਤ ਤੌਰ ’ਤੇ ਡੁੱਬਣ ਕਾਰਨ ਨਵ-ਵਿਆਹੁਤਾ ਦੀ ਮੌਤ ਹੋ ਗਈ| ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ’ਤੇ ਡੋਬ ਕੇ ਮਾਰਨ ਦੇ ਇਲਜ਼ਾਮ ਲਾਏ ਗਏ ਹਨ| ਪੁਲੀਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਵਾਸੀ ਪਿੰਡ ਭੀਮਾ ਦਾ ਪੰਜ ਮਹੀਨੇ ਪਹਿਲਾਂ ਧਰਮਪ੍ਰੀਤ ਵਾਸੀ ਕਰੁੰਗਾਂਵਾਲੀ ਨਾਲ ਵਿਆਹ ਹੋਇਆ ਸੀ। ਧਰਮਪ੍ਰੀਤ ਪਿੰਡ ਵਿੱਚ ਹੀ ਮਜ਼ਦੂਰ ਵਜੋਂ ਕੰਮ ਕਰਦਾ ਹੈ। ਸਵੇਰੇ ਪਰਮਜੀਤ ਕੌਰ ਦੀ ਲਾਸ਼ ਘਰ ਵਿਚਲੀ ਪਾਣੀ ਵਾਲੀ ਟੈਂਕੀ ਵਿੱਚੋਂ ਮਿਲੀ। ਇਸ ’ਤੇ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਰੋੜੀ ਪੁਲੀਸ ਨੂੰ ਦਿੱਤੀ। ਥਾਣਾ ਇੰਚਾਰਜ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਵੀਆਈਪੀ ਡਿਊਟੀ ਸਿਰਸਾ ’ਤੇ ਗਏ ਹੋਏ ਸਨ। ਇਸ ਲਈ ਮੌਕੇ ’ਤੇ ਪੁਲੀਸ ਸਟੇਸ਼ਨ ਤੋਂ ਏਐੱਸਆਈ ਭੁਪਿੰਦਰ ਕੁਮਾਰ ਅਤੇ ਹੈੱਡ ਕਾਂਸਟੇਬਲ ਰਣਜੋਤ ਸਿੰਘ ਤੇ ਏਐਸਆਈ ਵੀਰਪਾਲ ਕੌਰ ਨੂੰ ਭੇਜਿਆ ਗਿਆ ਸੀ। ਉਨ੍ਹਾਂ ਨੇ ਪਿੰਡ ਕੁਰਗਾਂਵਾਲੀ ਪਹੁੰਚ ਕੇ ਲਾਸ਼ ਨੂੰ ਟੈਂਕੀ ਵਿੱਚੋਂ ਕੱਢ ਕੇ ਪੋਸਟ ਮਾਰਟਮ ਲਈ ਸਿਰਸਾ ਭੇਜਿਆ। ਇਸ ਤੋਂ ਬਾਅਦ ਪਿੰਡ ਭੀਮਾ ਤੋਂ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਸਨ। ਮ੍ਰਿਤਕਾ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਪੰਜ ਮਹੀਨੇ ਪਹਿਲਾਂ ਉਸ ਦੀ ਭੈਣ ਦਾ ਵਿਆਹ ਕੀਤਾ ਸੀ ਅਤੇ ਹੈਸੀਅਤ ਅਨੁਸਾਰ ਦਾਜ ਦਿੱਤਾ ਜਾਂਦਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਲੜਕੇ ਵਾਲਿਆਂ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਭੈਣ ਪਰਮਜੀਤ ਕੌਰ ਨੂੰ ਤੰਗ ਕੀਤਾ ਗਿਆ। ਇਸ ਤੋਂ ਬਾਅਦ ਪਰਮਜੀਤ ਕੌਰ ਨੂੰ ਪਾਣੀ ਵਾਲੀ ਟੈਂਕੀ ’ਚ ਡੋਬ ਕੇ ਮਾਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕਾ ਦੇ ਭਰਾ ਸੰਦੀਪ ਸਿੰਘ ਦੇ ਬਿਆਨਾਂ ’ਤੇ ਮ੍ਰਿਤਕਾ ਦੀ ਸੱਸ ਸਰਵਜੀਤ ਕੌਰ, ਨਨਾਣ ਲਖਵੀਰ ਕੌਰ ਅਤੇ ਪਤੀ ਧਰਮਪ੍ਰੀਤ ਖ਼ਿਲਾਫ਼ 304 ਵੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਖਸਤਾ ਹਾਲ ਸੜਕ ਨੇ ਲਈ ਔਰਤ ਦੀ ਜਾਨ
ਸ਼ਹਿਣਾ: ਖਸਤਾ ਹਾਲ ਸੜਕ ਕਾਰਨ ਹੋਏ ਹਾਦਸੇ ’ਚ ਔਰਤ ਦੀ ਜਾਨ ਚਲੇ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਵਾਸੀ ਉੱਪਲੀ ਆਪਣੀ ਪਤਨੀ ਭਿੰਦਰ ਕੌਰ ਅਤੇ ਪੁੱਤਰ ਆਕਾਸ਼ਦੀਪ ਸਿੰਘ ਨਾਲ ਜਾ ਰਹੇ ਸਨ ਅਤੇ ਪਿੰਡ ਗਿੱਲ ਕੋਠੇ ਕੋਲ ਟੋਏ ’ਚ ਮੋਟਰਸਾਈਕਲ ਵੱਜਣ ਨਾਲ ਭਿੰਦਰ ਕੌਰ ਡਿੱਗ ਪਈ। ਉਸ ਨੂੰ ਗੰਭੀਰ ਹਾਲਤ ਡੀ.ਐੱਮ.ਸੀ. ਲੁਧਿਆਣੇ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸ਼ਹਿਣਾ ਪੁਲੀਸ ਨੇ 174 ਦੀ ਕਾਰਵਾਈ ਕਰਦਿਆ ਲਾਸ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। -ਪੱਤਰ ਪ੍ਰੇਰਕ