ਸੁੰਦਰ ਨਾਥ ਆਰਿਆ
ਅਬੋਹਰ, 23 ਫਰਵਰੀ
ਉਪ ਮੰਡਲ ਦੇ ਪਿੰਡ ਖੂਈਆਂ ਸਰਵਰ ਵਿੱਚ ਟਰਾਲੇ ਦੀ ਲਪੇਟ ’ਚ ਆਉਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਈ। ਜ਼ਖ਼ਮੀ ਲੜਕੀ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੈਫਰ ਕਰ ਦਿੱਤਾ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਜਾਣਕਾਰੀ ਮੁਤਾਬਕ ਰੀਵਾ ਜਾਖੜ (18) ਪੁੱਤਰੀ ਸੁਭਾਸ਼ ਜਾਖੜ ਵਾਸੀ ਪਿੰਡ ਮੌਜਗੜ੍ਹ ਅਤੇ ਉਸ ਦੀ ਸਹੇਲੀ ਖੁਸ਼ੀ ਗੋਦਾਰਾ (20) ਪੁੱਤਰੀ ਸੰਜੀਵ ਗੋਦਾਰਾ ਐਕਟਿਵਾ ’ਤੇ ਖੂਈਆਂ ਸਰਵਰ ਤੋਂ ਮੌਜਗੜ੍ਹ ਜਾ ਰਹੇ ਸਨ ਕਿ ਰਸਤੇ ’ਚ ਇਕ ਆਟੋ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤਾ ਤੇ ਸੰਤੁਨਲ ਵਿਗੜਨ ਕਾਰਨ ਉਹ ਦੋਵੇਂ ਹੇਠਾਂ ਡਿੱਗ ਗਈਆਂ ਤੇ ਉਲਟੀ ਦਿਸ਼ਾ ਤੋਂ ਆ ਰਹੇ ਟਰਾਲੇ ਦੀ ਲਪੇਟ ’ਚ ਆਉਣ ਕਾਰਨ ਖੁਸ਼ੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰੀਵਾ ਗੰਭੀਰ ਜ਼ਖ਼ਮੀ ਹੋ ਗਈ। ਪੁਲੀਸ ਨੇ ਟਰਾਲਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਟਰਾਲਾ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਫਾਜ਼ਿਲਕਾ(ਪਰਮਜੀਤ ਸਿੰਘ): ਇਥੇ ਫਾਜ਼ਿਲਕਾ-ਅਬੋਹਰ ਸੜਕ ’ਤੇ ਸਥਿਤ ਕੰਚਨ ਤਾਰਾ ਹੋਟਲ ਨੇੜੇ ਅੱਜ ਸ਼ਾਮ ਕਾਰ ਅਤੇ ਟਰਾਲੇ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਵਾਲ ਵਾਲ ਬੱਚ ਗਿਆ, ਪਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਕਾਰ ਚਾਲਕ ਬਲਵਿੰਦਰ ਸਿੰਘ, ਪਿੰਡ ਲਧੂਵਾਲਾ ਨੇ ਦੱਸਿਆ ਕਿ ਉਹ ਅਬੋਹਰ ਵੱਲੋਂ ਆ ਰਿਹਾ ਸੀ ਤੇ ਆਪਣੇ ਪਿੰਡ ਲਧੂਵਾਲਾ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਜਨ ਇਹ ਹਾਦਸਾ ਵਾਪਰ ਗਿਆ। ਉਸ ਨੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਟਰਾਲਾ ਚਾਲਕ ਖਿਲਾਫ਼ ਕਾਰਵਾਈ ਕੀਤੀ ਜਾਵੇ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।