ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਮਈ
ਭੰਗਚੜੀ ਦੇ ਨੌਜਵਾਨ ਅਰਸ਼ਦੀਪ ਦੇ ਹੋਏ ਕਤਲ ਦੇ ਮਾਮਲੇ ਵਿੱਚ ਛੇ ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਲਖਵੰਤ ਕਿਰਤੀ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਕੋ-ਕਨਵੀਨਰ ਮਹਾਸ਼ਾ ਸਮਾਘ, ਜਗਸੀਰ ਸਿੰਘ ਭੰਗਚੜ੍ਹੀ ਅਤੇ ਹਰਮੰਦਰ ਸਿੰਘ ਭੰਗਚੜ੍ਹੀ ਨੂੰ ਐਕਸ਼ਨ ਕਮੇਟੀ ਦਾ ਮੈਂਬਰ ਚੁਣਿਆ ਗਿਆ।
ਕਮੇਟੀ ਦੇ ਆਗੂਆਂ ਗੁਰਜੰਟ ਸਿੰਘ, ਮਹਾਸ਼ਾ ਸਮਾਘ, ਕਾਕਾ ਸਿੰਘ ਖੁੰਡੇ ਹਲਾਲ ਤੇ ਲਖਵੰਤ ਕਿਰਤੀ ਨੇ ਕਿਹਾ ਕਿ 10 ਮਈ ਨੂੰ ਭੰਗਚੜ੍ਹੀ ਦੇ 19 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ਦਾ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਜ਼ਹਿਰੀਲੀ ਚੀਜ਼ ਖੁਆ ਕੇ ਕਥਿਤ ਤੌਰ ’ਤੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਪਰਿਵਾਰ ਨੇ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸਐੱਸਪੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਸਾਹਮਣੇ ਧਰਨਾ ਲਗਾ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾ 302 ਤੇ 120B ਤਹਿਤ ਕੇਸ ਦਰਜ ਕਰਵਾਇਆ ਸੀ ਪਰ ਪਰਚਾ ਦਰਜ ਹੋਣ ਤੋਂ ਬਾਅਦ ਵੀ ਕਥਿਤ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਅਤੇ ਫੇਸਬੁੱਕ ’ਤੇ ਸਟੋਰੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਧਰਨਾ ਲਗਾ ਕੇ ਇਨਸਾਫ਼ ਮੰਗਣ ਵਾਲੇ 11 ਵਿਅਕਤੀਆਂ ’ਤੇ ਨਾਮ ਅਨੁਸਾਰ ਅਤੇ 50 ਅਣਪਛਾਤੇ ਵਿਅਕਤੀਆਂ ’ਤੇ 283 ਦਾ ਕੇਸ ਦਰਜ ਕੀਤਾ ਗਿਆ ਹੈ ਜੋ ਪੀੜਤ ਪਰਿਵਾਰ ਨਾਲ ਸਰਾਸਰ ਬੇਇਨਸਾਫ਼ੀ ਹੈ।
ਐਕਸ਼ਨ ਕਮੇਟੀ ਵੱਲੋਂ ਧਰਨੇ ਦਾ ਐਲਾਨ ਕੀਤੇ ਜਾਣ ’ਤੇ ਥਾਣਾ ਲੱਖੇਵਾਲੀ ਤੋਂ ਐਸਐਚਓ ਲਵਪ੍ਰੀਤ ਕੌਰ ਪੁਲੀਸ ਪਾਰਟੀ ਸਮੇਤ ਪੀੜਤ ਪਰਿਵਾਰ ਦੇ ਘਰ ਪਹੁੰਚੇ। ਐਕਸ਼ਨ ਕਮੇਟੀ ਦੇ ਆਗੂਆਂ ਨੇ ਡੀਐੱਸਪੀ ਦੇ ਨਾਂ ਲਿਖਤੀ ਮੰਗ ਪੱਤਰ ਐੱਸਐੱਚਓ ਲਵਪ੍ਰੀਤ ਕੌਰ ਨੂੰ ਦਿੱਤਾ। ਆਗੂਆਂ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪਰਚੇ ਵਿੱਚ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ ਦਾ ਵਾਧਾ ਕੀਤਾ ਜਾਵੇ। ਪਰਿਵਾਰਕ ਮੈਂਬਰਾਂ ਤੇ ਜਥੇਬੰਦੀਆਂ ਦੇ ਆਗੂਆਂ ’ਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਲਈ ਮੁਕਤਸਰ ਦੀ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਜ਼ਿੰਮੇਵਾਰ ਹੋਣਗੇ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਜਸਵਿੰਦਰ ਕੌਰ ਦਬੜਾ, ਨੌਜਵਾਨ ਭਾਰਤ ਸਭਾ ਦੇ ਸੱਤਪਾਲ ਸਿੰਘ, ਜਸਕਰਨ ਸਿੰਘ ਭੰਗਚੜ੍ਹੀ, ਮੰਗਾ ਸਿੰਘ, ਗੁਰਮੀਤ ਕੌਰ ਦਬੜਾ, ਹਰਭਜਨ ਸਿੰਘ ਦਬੜਾ, ਵਿਸਾਖਾ ਸਿੰਘ ਆਦਿ ਵੀ ਹਾਜ਼ਰ ਸਨ|