ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 12 ਅਗਸਤ
ਅਕਾਲੀ ਦਲ ਨੇ ਨਗਰ ਪੰਚਾਇਤ ਕੋਠਾ ਗੁਰੂ ‘ਤੇ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਸਰਕਾਰੀ ਪੈਸੇ ਦੀ ਕਥਿਤ ਬਰਬਾਦੀ ਕਰਨ ਦੇ ਦੋਸ਼ ਲਗਾਏ ਹਨ। ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਲੂਕਾ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪਿੰਡ ਕੋਠਾ ਗੁਰੂ ’ਚ ਅਕਾਲੀ ਸਰਕਾਰ ਸਮੇਂ ਸੀਵਰੇਜ ਸਿਸਟਮ ਤੋਂ ਇਲਾਵਾ ਸਾਰੀਆਂ ਗਲੀਆਂ ‘ਚ ਇੰਟਰਲਾਕ ਟਾਈਲਾਂ ਲਗਾ ਕੇ ਪੱਕੀਆਂ ਕੀਤੀਆਂ ਗਈਆਂ ਸਨ ਤੇ ਹੁਣ ਇਨ੍ਹਾਂ ਗਲੀਆਂ ‘ਚ ਦੋਬਾਰਾ ਇੰਟਰਲਾਕ ਟਾਈਲਾਂ ਲਗਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਸੀ ਪਰ ਨਗਰ ਪੰਚਾਇਤ ਦੇ ਪ੍ਰਧਾਨ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਪਹਿਲਾਂ ਤੋਂ ਹੀ ਵਧੀਆ ਬਣੀ ਹੋਈ ਇੱਕ ਗਲੀ ਉੱਪਰ ਦੋਬਾਰਾ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਕੇ ਸਰਕਾਰੀ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਮਲੂਕਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਹ ਮਾਮਲਾ ਸਥਾਨਕ ਸਰਕਾਰਾਂ ਦੇ ਮੰਤਰੀ ਦੇ ਧਿਆਨ ’ਚ ਲਿਆ ਕੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਉੱਤੇ ਟੈਕਸ ਲਾ ਕੇ ਉਗਰਾਹੇ ਪੈਸਿਆਂ ਦੀ ਦੁਰਵਰਤੋਂ ਦੀ ਆਗਿਆ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੀ ਜਾ ਸਕਦੀ।
ਨਗਰ ਪੰਚਾਇਤ ਪ੍ਰਧਾਨ ਵੱਲੋਂ ਦੋਸ਼ ਬੇਬੁਨਿਆਦ ਕਰਾਰ
ਦੂਸਰੇ ਪਾਸੇ ਨਗਰ ਪੰਚਾਇਤ ਕੋਠਾ ਗੁਰੂ ਦੇ ਪ੍ਰਧਾਨ ਮੇਵਾ ਸਿੰਘ ਮਾਨ ਨੇ ਉਕਤ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਅਸਲ ‘ਚ ਅਕਾਲੀ ਦਲ ਪਿੰਡ ਵਿਚ ਵੱਡੀ ਪੱਧਰ ‘ਤੇ ਹੋ ਰਹੇ ਵਿਕਾਸ ਕਾਰਜਾਂ ਤੋਂ ਘਬਰਾ ਕੇ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਰਿਹਾ ਹੈ।