ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਅਗਸਤ
ਜ਼ੀਰਾ ਦੇ ਪਿੰਡ ਡਿੱਬ ਵਾਲਾ ਦੀ ਇੱਕ ਵਿਧਵਾ ਆਪਣੀ 9 ਕਨਾਲ 16 ਮਰਲੇ ਜ਼ਮੀਨ ਬਚਾਉਣ ਲਈ ਜੱਦੋ ਜਹਿਦ ਕਰ ਰਹੀ ਹੈ। ਜ਼ਮੀਨ ਦੀ ਰਜਿਸਟਰੀ ਉਸਦੇ ਨਾਂ ਹੈ ਤੇ ਹਾਈ ਕੋਰਟ ਸਣੇ ਤਿੰਨ ਅਦਾਲਤਾਂ ਤੋਂ ਕੇਸ ਵੀ ਜਿੱਤ ਚੁੱਕੀ ਹੈ, ਪਰ ਜ਼ਮੀਨ ਦੇ ਪਹਿਲੇ ਮਾਲਕ ਅੱਜ ਵੀ ਉਸਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਵਿਧਵਾ ਦਾ ਦੋਸ਼ ਹੈ ਕਿ ਜ਼ੀਰਾ ਤੋਂ ‘ਆਪ’ ਵਿਧਾਇਕ ਨਰੇਸ਼ ਕਟਾਰੀਆ ਵਿਰੋਧੀ ਧਿਰ ਦੀ ਮਦਦ ਕਰ ਰਹੇ ਹਨ, ਜਿਸ ਕਰਕੇ ਪੁਲੀਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ ਹੈ। ਹਾਲਾਂਕਿ ਵਿਧਾਇਕ ਨਰੇਸ਼ ਕਟਾਰੀਆ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਡਿੱਬ ਵਾਲਾ ਪਿੰਡ ਦੀ ਵਸਨੀਕ ਮਨਜੀਤ ਕੌਰ ਨੇ ਅੱਜ ਮੀਡੀਆ ਨੂੰ ਦੱਸਿਆ ਕਿ 2006 ’ਚ ਉਸਦੇ ਪਤੀ ਦੀ ਸੜਕ ਹਾਦਸੇ ’ਚ ਮੌਤ ਹੋ ਚੁੱਕੀ ਹੈ ਤੇ ਉਸਦਾ ਇਕਲੌਤਾ ਲੜਕਾ ਕੈਨੇਡਾ ’ਚ ਰਹਿੰਦਾ ਹੈ।
ਮਨਜੀਤ ਕੌਰ ਮੁਤਾਬਕ ਉਸਦੇ ਗੁਆਂਢੀ ਰਤਨ ਸਿੰਘ ਨੇ 2002 ’ਚ ਉਸ ਨਾਲ ਆਪਣੀ 9 ਕਨਾਲ 16 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ, ਪਰ ਰਜਿਸਟਰੀ ਕਰਵਾਉਣ ਵੇਲੇ ਉਹ ਮੁਕਰ ਗਿਆ। ਮਗਰੋਂ ਅਦਾਲਤ ਨੇ ਮਨਜੀਤ ਕੌਰ ਦੇ ਹੱਕ ’ਚ ਫ਼ੈਸਲਾ ਕਰ ਦਿੱਤਾ ਤੇ ਉਸਨੇ ਰਜਿਸਟਰੀ ਦੀ ਪੂਰੀ ਰਕਮ ਅਦਾਲਤ ’ਚ ਜਮ੍ਹਾਂ ਕਰਵਾ ਕੇ ਰਜਿਸਟਰੀ ਆਪਣੇ ਨਾਂ ਕਰਵਾ ਲਈ। ਮਨਜੀਤ ਕੌਰ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦਾ ਇੱਕ ਪਰਿਵਾਰਕ ਮੈਂਬਰ ਨਰੇਸ਼ ਕਟਾਰੀਆ ਨਾਲ ਡਰਾਈਵਰ ਹੈ ਤੇ ਰਤਨ ਸਿੰਘ ਤੇ ਉਸਦਾ ਪਰਿਵਾਰ ਧੱਕੇ ਨਾਲ ਉਸਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਵਿਰੋਧੀ ਧਿਰ ਦੇ ਲੋਕ ਰਜਿਸਟਰੀ ਵੇਲੇ ਅਦਾ ਕੀਤੀ ਰਕਮ ਵਾਪਸ ਕਰਕੇ ਮੁੜ ਜ਼ਮੀਨ ਆਪਣੇ ਨਾਂ ਕਰਵਾਉਣਾ ਚਾਹੁੰਦੇ ਹਨ।
ਕੁਝ ਦਿਨ ਪਹਿਲਾਂ ਵਿਰੋਧੀ ਧਿਰ ਨੇ ਮਨਜੀਤ ਕੌਰ ਦੀ ਜ਼ਮੀਨ ’ਚ ਬੀਜੇ ਪੱਠੇ ਧੱਕੇ ਨਾਲ ਵਾਹ ਕੇ ਪਾਣੀ ਛੱਡ ਦਿੱਤਾ ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।ਉਸਨੇ ਥਾਣੇ ਸ਼ਿਕਾਇਤ ਕੀਤੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸਨੇ ਕਿਹਾ ਕਿ ਇਹ ਸਾਰਾ ਕੁਝ ਵਿਧਾਇਕ ਨਰੇਸ਼ ਕਟਾਰੀਆ ਦੀ ਸ਼ਹਿ ’ਤੇ ਕੀਤਾ ਜਾ ਰਿਹਾ ਹੈ।
ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਵਿਧਾਇਕ ਨਰੇਸ਼ ਕਟਾਰੀਆ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨਜੀਤ ਕੌਰ ਨੇ ਕੁਝ ਦਿਨ ਪਹਿਲਾਂ ਉਸ ਨਾਲ ਫ਼ੋਨ ’ਤੇ ਗੱਲ ਕੀਤੀ ਸੀ ਪਰ ਉਸ ਦਿਨ ਰੁਝੇਵੇਂ ਕੁਝ ਜ਼ਿਆਦਾ ਹੋਣ ਕਾਰਨ ਉਹ ਉਸ ਨੂੰ ਮਿਲ ਨਾ ਸਕੇ। ਵਿਧਾਇਕ ਨੇ ਕਿਹਾ ਕਿ ਪੀੜਤ ਪਰਿਵਾਰ ਜਦੋਂ ਮਰਜ਼ੀ ਉਨ੍ਹਾਂ ਨੂੰ ਮਿਲ ਸਕਦਾ ਹੈ।