ਟਿ੍ਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 23 ਜੁਲਾਈ
ਕੋਟਕਪੂਰਾ ਦਿਹਾਤੀ ਪੁਲੀਸ ਥਾਣੇ ’ਚੋਂ ਇਰਾਦਾ ਕਤਲ ਦਾ ਇਕ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਰਫ਼ੂਚੱਕਰ ਹੋ ਗਿਆ। ਪੁਲੀਸ ਨੇ ਗਿ੍ਫ਼ਤ ’ਚੋਂ ਭੱਜੇ ਮੁਲਜ਼ਮ ਪਰਵਿੰਦਰ ਸਿੰਘ ਉਰਫ ਪਿੰਦਰ ਵਾਸੀ ਸੰਧੂ ਪੱਤੀ ਪੰਜਗਰਾਈਂ ਕਲਾਂ ਅਤੇ ਡਿਊਟੀ ’ਚ ਕੋਤਾਹੀ ਵਰਤਣ ਵਾਲੇ ਥਾਣੇਦਾਰ ਸੁਖਚੈਨ ਸਿੰਘ ਨੰਬਰ 478 ਫ਼ਰੀਦਕੋਟ ਚੌਕੀ ਪੰਜਗਰਾਈਂ ਕਲਾਂ ਖ਼ਿਲਾਫ਼ ਧਾਰਾ 223, 224 ਆਈਪੀਸੀ ਤਹਿਤ ਕੇਸ ਦਰਜ ਕਰਕੇ ਤਫ਼ਤੀਸ਼ ਆਰੰਭੀ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਨੂੰ ਕੋਟਕਪੂਰਾ ਪੁਲੀਸ ਨੇ ਇਰਾਦਾ ਕਤਲ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਵੱਲੋਂ ਮੁਲਜ਼ਮ ਦਾ ਪੁਲੀਸ ਨੂੰ 24 ਜੁਲਾਈ ਤੱਕ ਦਾ ਰਿਮਾਂਡ ਦਿੱਤਾ ਗਿਆ ਹੈ। ਜਦੋਂ ਮੁਲਜ਼ਮ ਨਾਲ ਅੱਜ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾਣੀ ਸੀ ਕਿ ਇਸ ਤੋਂ ਪਹਿਲਾ ਹੀ ਮੁਲਜ਼ਮ ਨੇ ਡਿਊਟੀ ’ਤੇ ਤਾਇਨਾਤ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਕੋਲ ਪਿਸ਼ਾਬ ਕਰਨ ਦਾ ਬਹਾਨਾ ਬਣਾਇਆ ਤੇ ਚਮਕਾ ਦੇ ਕੇ ਫਰਾਰ ਹੋ ਗਿਆ। ਮਗਰੋਂ ਪੁਲੀਸ ਨੇ ਮੁਲਜ਼ਮ ਦੀ ਬਹੁਤ ਭਾਲ ਕੀਤੀ ਪ੍ਰੰਤੂ ਕੋਈ ਅਤਾ-ਪਤਾ ਨਹੀਂ ਲੱਗ ਸਕਿਆ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਮਗਰੋਂ ਇਸ ਸਬੰਧ ਵਿਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਲੰਘੀ 17 ਜੁਲਾਈ ਦੀ ਰਾਤ ਕਰੀਬ ਸਵਾ ਨੌ ਵਜੇ ਪੰਜਗਰਾਈਂ ਕਲਾਂ ਵਿਖੇ ਕੁੱਝ ਵਿਅਕਤੀਆਂ ਵਿਚਕਾਰ ਆਪਸੀ ਝਗੜਾ ਹੋਇਆ ਸੀ। ਪੁਲੀਸ ਨੇ ਇਸ ਸਬੰਧ ਵਿਚ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ। ਮਗਰੋਂ ਇਸ ਮੁਕੱਦਮੇ ਵਿਚ ਇਕ ਰਿਪੋਰਟ ਹੋਰ ਦਰਜ ਕਰਕੇ ਪਰਵਿੰਦਰ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ।