ਸ਼ਗਨ ਕਟਾਰੀਆ
ਬਠਿੰਡਾ, 22 ਅਪਰੈਲ
ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਦਾ ਚੋਣ ਇਜਲਾਸ ਸੂਬਾ ਸਕੱਤਰੇਤ ਮੈਂਬਰ ਤਰਸੇਮ ਲਾਲ ਗੋਇਲ ਦੀ ਅਗਵਾਈ ਵਿੱਚ ਇਥੇ ਟੀਚਰਜ਼ ਹੋਮ ਵਿੱਚ ਹੋਇਆ। ਇਜਲਾਸ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਬੱਗਾ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ। ਨਵੇਂ ਅਹੁਦੇਦਾਰਾਂ ਦੀ ਚੋਣ ਦੌਰਾਨ ਪ੍ਰਿੰਸੀਪਲ ਬੱਗਾ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਸੁਦੀਪ ਸਿੰਘ ਨੂੰ ਸਕੱਤਰ, ਡਾ. ਅਜੀਤਪਾਲ ਸਿੰਘ ਨੂੰ ਪ੍ਰੈਸ ਸਕੱਤਰ, ਪ੍ਰਿੰਸੀਪਲ ਰਣਜੀਤ ਸਿੰਘ ਨੂੰ ਮੀਤ ਪ੍ਰਧਾਨ, ਅਵਤਾਰ ਸਿੰਘ ਰਾਮਪੁਰਾ ਨੂੰ ਸਹਾਇਕ ਸਕੱਤਰ ਅਤੇ ਸੰਤੋਖ ਸਿੰਘ ਮੱਲਣ ਖ਼ਜ਼ਾਨਚੀ ਚੁਣੇ ਗਏ। ਇਸ ਤੋਂ ਇਲਾਵਾ 15 ਕਾਰਜਕਾਰਨੀ ਮੈਂਬਰ, 7 ਸਪੈਸ਼ਲ ਇਨਵਾਇਟੀ ਮੈਂਬਰ ਅਤੇ ਸੂਬਾ ਇਜਲਾਸ ਲਈ 20 ਡੈਲੀਗੇਟਾਂ ਦੀ ਚੋਣ ਕੀਤੀ ਗਈ। ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਈਡੀ ਵਰਗੀਆਂ ਏਜੰਸੀਆਂ ਅਤੇ ਯੂਏਪੀਏ ਅਫ਼ਸਪਾ, ਪੀਐਮਐਲਏ ਤੇ ਐਨਐਸਏ ਸਮੇਤ ਇਤਿਹਾਤੀ ਨਜ਼ਰਬੰਦੀ ਐਕਟ ਵਰਗੇ ਕਾਲੇ ਕਾਨੂੰਨਾਂ ਦੀ ਵਰਤੋਂ ਕਰਕੇ ਕੇਂਦਰ ਸਰਕਾਰ ਨੇ ਪਿਛਲੇ ਸਾਲਾਂ ਵਿੱਚ ਬੇਕਸੂਰ ਲੋਕਾਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਪਾਇਆ ਹੋਇਆ ਹੈ।