ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 19 ਅਗਸਤ
ਪਿੰਡ ਪੱਖੋ ਕਲਾਂ ਦੀ ਹੱਡਾਰੋੜੀ ਦਾ ਵਿਵਾਦ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ। ਇਸ ਸਬੰਧੀ ਦੋਹਾਂ ਧਿਰਾਂ ਨੇ ਇਕ-ਦੂਜੇ ਖ਼ਿਲਾਫ਼ ਪਿੰਡ ਵਿੱਚ ਵੱਖ-ਵੱਖ ਥਾਵਾਂ ’ਤੇ ਪੱਕੇ ਧਰਨੇ ਲਗਾ ਦਿੱਤੇ ਹਨ।
ਗਰਿੱਡ ਕੋਲ ਧਰਨੇ ’ਤੇ ਬੈਠੇ ਗੁਰਸੇਵਕ ਸਿੰਘ, ਜਸਕਰਨ ਸਿੰਘ, ਸਰਬਜੀਤ ਕੌਰ, ਜਸਪ੍ਰੀਤ ਕੌਰ, ਮਲਕੀਤ ਕੌਰ ਤੇ ਜਸਵੀਰ ਕੌਰ ਆਦਿ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਘਰਾਂ ਨੇੜੇ ਧੱਕੇਸ਼ਾਹੀ ਨਾਲ ਹੱਡਾਰੋੜੀ ਦੇ ਠੇਕੇਦਾਰ ਵੱਲੋਂ ਬਾਹਰਲੇ ਪਿੰਡਾਂ ਦੇ ਮਰੇ ਹੋਏ ਪਸ਼ੂ ਲਿਆ ਕੇ ਸੁੱਟੇ ਜਾ ਰਹੇ। ਇਸ ਸਬੰਧੀ ਪੰਚਾਇਤ ਵੱਲੋਂ ਠੇਕਾ ਦਿੱਤੇ ਜਾਣ ਦੀ ਕੋਈ ਰਸੀਦ ਵੀ ਉਨ੍ਹਾਂ ਨੂੰ ਨਹੀਂ ਦਿਖਾਈ ਜਾ ਰਹੀ ਹੈ ਅਤੇ ਸਭ ਕੁੱਝ ਗੈਰ-ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਹੈ। ਹੱਡਾਰੋੜੀ ਲਈ ਮਾਲ ਵਿਭਾਗ ਦੇ ਰਿਕਾਰਡ ਵਿੱਚ ਹੋਰ ਜ਼ਮੀਨ ਰੱਖੀ ਗਈ ਹੈ ਪਰ ਧੱਕੇ ਨਾਲ ਮਰੇ ਹੋਏ ਪਸ਼ੂ ਇੱਥੇ ਲਿਆ ਕੇ ਸੁੱਟੇ ਜਾ ਰਹੇ ਹਨ ਜਿਨ੍ਹਾਂ ਦੀ ਬਦਬੂ ਕਾਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਇਸ ਲਈ ਉਨ੍ਹਾਂ ਨੇ ਪੱਕੇ ਤੌਰ ’ਤੇ ਇੱਥੇ ਧਰਨਾ ਲਗਾ ਦਿੱਤਾ ਹੈ ਅਤੇ ਉਹ ਇੱਥੇ ਪਸ਼ੂ ਨਹੀਂ ਸੁੱਟਣ ਦੇਣਗੇ। ਦੂਜੇ ਪਾਸੇ ਤਪਾ ਰੋਡ ’ਤੇ ਸੂਏ ਦੇ ਪੁਲ ਨੇੜੇ ਦੂਜੀ ਧਿਰ ਨੇ ਧਰਨਾ ਲਗਾ ਦਿੱਤਾ ਹੈ ਕਿ ਉਹ ਆਪਣੇ ਪਾਸੇ ਹੱਡਾਰੋੜੀ ਨਹੀਂ ਆਉਣ ਦੇਣਗੇ। ਬੂਟਾ ਸਿੰਘ, ਕਰਮ ਸਿੰਘ, ਅੰਗਰੇਜ਼ ਸਿੰਘ, ਜਥੇਦਾਰ ਕਰਨੈਲ ਸਿੰਘ, ਕੁਲਵੀਰ ਸਿੰਘ ਤੇ ਮੱਖਣ ਸਿੰਘ ਨੇ ਕਿਹਾ ਕਿ ਇੱਥੇ ਪੰਚਾਇਤੀ ਜ਼ਮੀਨ ਵਿੱਚ 20 ਵਿਸਵੇ ਜਗ੍ਹਾ ਭਾਈ ਜੀਵਨ ਸਿੰਘ ਦੇ ਗੁਰਦੁਆਰੇ ਲਈ ਰੰਗਰੇਟਾ ਦਲ ਨੂੰ ਦਿੱਤੀ ਗਈ ਹੈ ਅਤੇ ਨੇੜੇ ਨੌਵੀਂ ਪਾਤਸ਼ਾਹੀ ਦਾ ਗੁਰਦੁਆਰਾ ਵੀ ਹੈ ਜਿਸ ਕਰ ਕੇ ਉਹ ਪੰਚਾਇਤੀ ਜ਼ਮੀਨ ਵਿੱਚ ਮਰੇ ਹੋਏ ਪਸ਼ੂ ਨਹੀਂ ਸੁੱਟਣ ਦੇਣਗੇ।
ਉੱਧਰ, ਇਸ ਸਬੰਧੀ ਜਦੋਂ ਸਰਪੰਚ ਬਲਕਰਨ ਕੌਰ ਦੇ ਪਤੀ ਗੁਰਲਾਭ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਹੱਡਾਰੋੜੀ ਚਾਲੂ ਸੀ, ਉੱਥੇ ਹੀ ਰਹੇਗੀ। ਠੇਕਾ ਨਾ ਦੇਣ ਦੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਸਭ ਕੁਝ ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ।
ਹੱਡਾਰੋੜੀ ’ਚ ਫੈਲੀ ਬਦਬੂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਨਾਅਰੇਬਾਜ਼ੀ
ਮੌੜ ਮੰਡੀ (ਜਗਤਾਰ ਅਨਜਾਣ): ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਕਾਰਨ ਮੌੜ ਕਲਾਂ ਦੀ ਹੱਡਾਰੋੜੀ ’ਤੇ ਮਰੇ ਹੋਏ ਪਸ਼ੂਆਂ ਦੇ ਲੱਗੇ ਢੇਰ ਕਾਰਨ ਬਦਬੂ ਫੈਲ ਰਹੀ ਹੈ। ਇਸ ਬਦਬੂ ਤੋਂ ਦੁੱਖੀ ਹੋਏ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪਿੰਡ ਮੌੜ ਕਲਾਂ ਤੋਂ ਕੋਟਲੀ ਖੁਰਦ, ਕੱਲੋ, ਕੁੱਬੇ, ਟਾਹਲਾ ਸਾਹਿਬ, ਮੌੜ ਖੁਰਦ, ਮੌੜ ਕਲਾਂ ਤੇ ਮੌੜ ਮੰਡੀ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕਰ ਕੇ ਐੱਸਡੀਐੱਮ ਦਫ਼ਤਰ ਅੱਗੇ ਰੈਲੀ ਕੀਤੀ। ਕਿਸਾਨ ਆਗੂਆਂ ਹਰਜਿੰਦਰ ਸਿੰਘ ਬੱਗੀ ਤੇ ਰਾਜਵਿੰਦਰ ਸਿੰਘ ਰਾਮ ਨਗਰ ਨੇ ਕਿਹਾ ਕਿ ਸਮਝੌਤੇ ਦੇ ਬਾਵਜੂਦ ਅੱਜ ਤੱਕ ਹੱਡਾਰੋੜੀ ’ਤੇ ਪਸ਼ੂ ਉਸੇ ਤਰ੍ਹਾਂ ਪਏ ਹਨ ਅਤੇ ਬਦਬੂ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।