ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਮਈ
ਇਥੇ ਆਸ਼ਾ ਵਰਕਰਾਂ ਵੱਲੋਂ ਅਕਾਲੀ ਕੌਂਸਲਰ ਉੱਤੇ ਲਾਏ ਗਏ ਦੁਰਵਿਹਾਰ ਦੇ ਦੋਸ਼ਾਂ ਦਾ ਮੁੱਦਾ ਸਿਆਸੀ ਤੂਲ ਫੜਨ ਲੱਗਾ ਹੈ। ਆਸ਼ਾ ਵਰਕਰਾਂ ਵੱਲੋਂ ਬੀਤੇ ਕੱਲ੍ਹ ਪ੍ਰਸ਼ਾਸਨ ਕੋਲ ਸ਼ਿਕਾਇਤ ਤੋਂ ਬਾਅਦ ਅੱਜ ਇਨਸਾਫ਼ ਲਈ ਉਹ ਹਾਕਮ ਧਿਰ ਵਿਧਾਇਕ ਕੋਲ ਪੁੱਜੀਆਂ।
ਆਸ਼ਾ ਵਰਕਰ ਸੁਖਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਥਾਨਕ ਸਰਦਾਰ ਨਗਰ ਵਿਖੇ ਇੱਕ ਪਾਜ਼ੇਟਿਵ ਮਰੀਜ਼ ਨੂੰ ਚੈੱਕ ਕਰਨ ਗਈਆਂ ਸਨ। ਇਸ ਦੌਰਾਨ ਉਥੇ ਇੱਕ ਔਰਤ ਨਾਲ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ ਅਤੇ ਲੋਕਾਂ ਦਾ ਇਕੱਠ ਹੋ ਗਿਆ। ਇਸ ਦੌਰਾਨ ਇੱਕ ਕੌਂਸਲਰ ਵੀ ਉਥੇ ਪਹੁੰਚ ਗਿਆ ਉਨ੍ਹਾਂ ਕੌਂਸਲਰ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਘਰ ਅੰਦਰ ਲਿਜਾਕੇ ਬੰਦੀ ਬਣਾ ਲਿਆ ਗਿਆ ਅਤੇ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲਰ ਸਿਵਲ ਹਸਪਤਾਲ ਵਿਖੇ ਵੀ ਲੋਕਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਸਾਹਮਣੇ ਉਨ੍ਹਾਂ ਨੂੰ ਧਮਕਾਉਂਦਾ ਰਿਹਾ।
ਇਥੇ ਅੱਜ ਆਸ਼ਾ ਵਰਕਰ ਇਨਸਾਫ਼ ਲਈ ਸਥਾਨਕ ਹਾਕਮ ਧਿਰ ਦੇ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਜੇਕਰ ਕੌਂਸਲਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਸੰਘਰਸ਼ ਉਲੀਕਿਆ ਜਾਵੇਗਾ
ਦੂਜੇ ਪਾਸੇ ਵਿਧਾਇਕ ਕੋਲ ਵੀ ਪੁੱਜਣ ਬਾਅਦ ਮਾਹੌਲ ਗਰਮਾ ਗਿਆ ਅਤੇ ਅਕਾਲੀ ਕੌਂਸਲਰ ਦੇ ਹੱਕ ਵਿੱਚ ਵਾਰਡ ਵਾਸੀਆਂ ਨੇ ਵੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਆਖਿਆ ਕਿ ਅਸਲੀਅਤ ਜਾਣ ਲਈ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲਰ ਭਰਤ ਗੁਪਤਾ ਉਹ ਜੁਝਾਰੂ ਨੌਜਵਾਨ ਹੈ ਕਿ ਜੋ ਪਿਛਲੇ ਇੱਕ ਵਰ੍ਹੇ ਤੋਂ ਕਰੋਨਾ ਕਾਲ ਦੌਰਾਨ ਲੜ ਰਹੇ ਲੋਕਾਂ ਅਤੇ ਲੋੜਵੰਦ ਆਮ ਲੋਕਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਰਿਹਾ ਹੈ।
ਇਸ ਮੌਕੇ ਕੌਂਸਲਰ ਭਰਤ ਗੁਪਤਾ ਨੇ ਕਿਹਾ ਕਿ ਮੁੱਦੇ ਨੂੰ ਜਾਣਬੁੱਝ ਕੇ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਇਸ ਵਿੱਚ ਆਸ਼ਾ ਵਰਕਰਾਂ ਨੂੰ ਸਾਜ਼ਿਸ਼ ਤਹਿਤ ਉਕਸਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਫਰੰਟ ਲਾਈਨ ’ਤੇ ਸੇਵਾ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਉਹ ਦਿਲੋਂ ਸਲੁੂਟ ਕਰਦੇ ਹਨ। ਜੇਕਰ ਉਨ੍ਹਾਂ ਨੂੰ ਫਿਰ ਵੀ ਕੋਈ ਸ਼ਿਕਾਇਤ ਹੈ ਤਾਂ ਉਹ ਮੁਆਫ਼ੀ ਮੰਗਣ ਲਈ ਤਿਆਰ ਹੈ।