ਨਿਰੰਜਣ ਬੋਹਾ
ਬੋਹਾ, 11 ਜੂਨ
ਪਿੰਡ ਭਖੜਿਆਲ ’ਚ ਦਲਿਤ ਪਰਿਵਾਰਾਂ ਨੂੁੰ ਦਿੱਤੇ ਜਾਣ ਵਾਲੇ ਪਲਾਟਾਂ ਦੀ ਵੰਡ ਦਾ ਮਾਮਲਾ ਉਸ ਵੇਲੇ ਹੋਰ ਭਖ਼ ਗਿਆ ਜਦੋਂ ਇਨ੍ਹਾਂ ਪਲਾਟਾਂ ਦੀ ਗਲਤ ਵੰਡ ਦਾ ਵਿਰੋਧ ਕਰਨ ਵਾਲੀ ਦਲਿਤ ਮਹਿਲਾ ਸਰਪੰਚ ਸੰਦੀਪ ਕੌਰ ਦਾ ਮਾਨਸਿਕ ਤਣਾਅ ਕਾਰਨ ਗਰਭਪਾਤ ਹੋ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ ਤੇ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਸਿੰਘ ਅਟਵਾਲ ਤੇ ਦਰਸ਼ਨ ਸਿੰਘ ਗੁਰਨੇਕਲਾਂ ਨੇ ਦੱਸਿਆ ਕਿ ਕੁਝ ਅਮੀਰ ਲੋਕਾਂ ਨੂੰ ਗਰੀਬਾਂ ਦਾ ਹੱਕ ਮਾਰ ਕੇ ਦਿੱਤੇ ਜਾ ਰਹੇ ਪਲਾਟਾਂ ਦਾ ਵਿਰੋਧ ਕਰਨ ’ਤੇ ਸਰਪੰਚ ਸੰਦੀਪ ਕੌਰ ਤੇ ਉਸ ਦੇ ਪਤੀ ਬਿੰਦਰ ਸਿੰਘ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਜੇਲ੍ਹ ਭੇਜਣ ਤੋਂ ਪਹਿਲਾਂ ਹੀ ਸਰਪੰਚਣੀ ਦੀ ਤਬੀਅਤ ਵਿਗੜ ਗਈ ਸੀ ਪਰ ਉਸ ਦੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਉਸ ਨੂੰ ਲੁਧਿਆਣਾ ਦੀ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਉਸ ਦੀ ਤਬੀਅਤ ਵਧੇਰੇ ਵਿਗੜ ਜਾਣ ’ਤੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆਂ ਗਿਆ ਜਿੱਥੇ ਡਾਕਟਰਾਂ ਨੇ ਉਸ ਦਾ ਗਰਭਪਾਤ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ’ਤੇ ਇਲਾਕੇ ਦੇ ਸੈਕੜੇ ਪੰਚਾਂ ਸਰਪੰਚਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਵੱਡਾ ਸੰਘਰਸ਼ ਛੇੜਨਗੇ। ਜ਼ਿਕਰਯੋਗ ਹੈ ਕਿ ਜ਼ੇਰੇ ਇਲਾਜ ਸੰਦੀਪ ਕੌਰ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਜੇਕਰ ਉਸ ਦਾ ਗਰਭਪਾਤ ਹੋ ਜਾਂਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਉਸ ਨੂੰ ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਹੋਣਗੇ।