ਪੱਤਰ ਪ੍ਰੇਰਕ
ਅਬੋਹਰ, 22 ਨਵੰਬਰ
ਦੇਸ਼ ਭਰ ਵਿੱਚ ਹੋਏ ਸਫ਼ਾਈ ਸਰਵੇਖਣ ਵਿੱਚ ਅਬੋਹਰ ਨੇ ਰੈਂਕਿੰਗ ਵਿੱਚ ਵੱਡੀ ਛਾਲ ਮਾਰਦਿਆਂ 380 ਤੋਂ 105ਵੀਂ ਰੈਂਕਿੰਗ ਹਾਸਲ ਕੀਤੀ ਹੈ। ਪਿਛਲੇ ਸਾਲ ਅਬੋਹਰ ਦਾ ਸਭ ਤੋਂ ਗੰਦੇ 10 ਸ਼ਹਿਰਾਂ ਵਿੱਚ ਨਾਮ ਆਉਣ ’ਤੇ ਸਾਰੀਆਂ ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਹੁੰ ਚੁੱਕੀ ਸੀ ਕਿ ਅਬੋਹਰ ਦੇ ਮੱਥੇ ਤੋਂ ਇਹ ਦਾਗ ਹਟਾ ਕੇ ਰਹਾਂਗੇ। ਅੱਜ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਅਬੋਹਰ ਗੰਦੇ ਸ਼ਹਿਰਾਂ ’ਚੋਂ ਬਾਹਰ ਨਿਕਲ ਕੇ ਸਾਫ਼ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ। ਅਬੋਹਰ ਨੂੰ ਗੰਦੇ ਸ਼ਹਿਰਾਂ ’ਚੋਂ ਬਾਹਰ ਕੱਢਣ ਦਾ ਸਭ ਤੋਂ ਵੱਡਾ ਰੋਲ ਅਬੋਹਰ ਦੇ ਕਾਂਗਰਸੀ ਆਗੂ ਸੰਦੀਪ ਜਾਖੜ ਦਾ ਰਿਹਾ ਹੈ। ਅੱਜ ਆਪਣੀ ਰਿਹਾਇਸ਼ ’ਤੇ ਸੱਦੀ ਪ੍ਰੈੱਸ ਕਾਨਫਰੰਸ ’ਚ ਸੰਦੀਪ ਜਾਖੜ ਨੇ ਇਸ ਦਾ ਸਿਹਰਾ ਨਿਗਮ ਦੇ ਮੇਅਰ ਵਿਮਲ ਠੱਠਈ, ਕਮਿਸ਼ਨਰ ਅਭਿਜੀਤ ਕਪਲਿਸ਼, ਸਫਾਈ ਸੇਵਕਾਂ ਅਤੇ ਆਪਣੀ ਟੀਮ ਦੇ ਸਿਰ ਬੰਨ੍ਹਿਆ।