ਸੁੰਦਰ ਨਾਥ ਆਰੀਆ
ਅਬੋਹਰ 3 ਜੁਲਾਈ
ਰੇਤਾ-ਬੱਜਰੀ ਵੇਚਣ ਵਾਲੇ ਛੋਟੇ ਦੁਕਾਨਦਾਰਾਂ ਨਾਲ ਵੱਡੇ ਟਰਾਲਾ ਚਾਲਕਾਂ ਵੱਲੋਂ ਕੁੱਟਮਾਰ ਕਰਨ ਖ਼ਿਲਾਫ਼ ਅੱਜ ਰੇਤਾ ਬੱਜਰੀ ਦੁਕਾਨਦਾਰਾਂ ਅਤੇ ਮਜ਼ਦੂਰਾਂ ਨੇ ਫਾਜ਼ਿਲਕਾ ਰੋਡ ਵਿੱਚ ਬੁਰਜ ਮੁਹਾਰ ਚੌਕ ’ਤੇ ਚੱਕਾ ਜਾਮ ਕੀਤਾ। ਸੂਚਨਾ ਮਿਲਣ ’ਤੇ ਥਾਣਾ-1 ਦੇ ਮੁਖੀ ਬਲਜੀਤ ਸਿੰਘ ਪੁਲੀਸ ਟੀਮ ਸਣੇ ਮੌਕੇ ਉੱਤੇ ਪੁੱਜੇ। ਧਰਨੇ ਦੌਰਾਨ ਮੌਜੂਦ ਰਾਜੂ ਵਾਟਸ, ਅਸ਼ੋਕ ਕੁਮਾਰ, ਰਾਹੁਲ ਨਾਗਪਾਲ, ਸੁਰਿੰਦਰ ਸਿੰਘ, ਬਨਵਾਰੀ ਲਾਲ, ਮੋਤੀ ਸਚਦੇਵਾ, ਮੋਹਿਤ ਮਿੱਢਾ, ਕਮਲ ਕੰਬੋਜ, ਸੁਨੀਲ ਭਠੇਜਾ, ਰਾਜੂ ਮਿੱਢਾ ਨੇ ਦੱਸਿਆ ਕਿ ਅੱਧਾ ਦਰਜਨ ਤੋਂ ਵੱਧ ਰੇਤਾ ਬੱਜਰੀ ਦਾ ਕਾਰੋਬਾਰ ਕਰਨ ਵਾਲੇ ਵੱਡੇ ਟਰਾਲਾ ਚਾਲਕ ਉਨ੍ਹਾਂ ਦਾ ਕੰਮ ਨਹੀਂ ਚੱਲਣ ਦੇ ਰਹੇ, ਜਿਸ ਕਾਰਨ ਪਿਛਲੇ 10 ਦਿਨਾਂ ਦੌਰਾਨ ਕੁਝ ਟਰੱਕ ਆਪਰੇਟਰਾਂ ਨੇ ਉਨ੍ਹਾਂ ਦੀ ਯੂਨੀਅਨ ਦੇ 4 ਮੈਂਬਰਾਂ ਨਾਲ ਕੁੱਟਮਾਰ ਵੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਠਾਨਕੋਟ ਤੋਂ ਰੇਤਾ 38 ਰੁਪਏ ਫੁੱਟ ਮਿਲਦਾ ਹੈ, ਜਦਕਿ ਵੱਡੇ ਟਰਾਲਾ ਚਾਲਕ ਉਨ੍ਹਾਂ ਨੂੰ ਉੱਥੇ ਜਾਣ ਨਹੀਂ ਦੇ ਰਹੇ ਅਤੇ ਇਥੋਂ ਹੀ ਉਨ੍ਹਾਂ ਤੋਂ 45 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਬੱਜਰੀ ਖਰੀਦਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਉਹ ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਕਰਕੇ ਅੱਜ ਉਨ੍ਹਾਂ ਨੂੰ ਚੱਕਾ ਜਾਮ ਕਰਨਾ ਪਿਆ।
ਦੁਕਾਨਦਾਰਾਂ ਦੇ ਪ੍ਰਦਰਸ਼ਨ ਕਾਰਨ ਅਬੋਹਰ-ਫਾਜ਼ਿਲਕਾ ਮਾਰਗ ਦ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲੀਸ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ।