ਪੱਤਰ ਪ੍ਰੇਰਕ
ਮਾਨਸਾ, 17 ਸਤੰਬਰ
ਪੰਜਾਬ ਸਰਕਾਰ ਵੱਲੋਂ ਨਰਮੇ ਦੀ ਆੜ੍ਹਤ ਢਾਈ ਫੀਸਦੀ ਤੋਂ ਇੱਕ ਫੀਸਦੀ ਕਰਨ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਹੁਣ ਸਰਕਾਰ ਵੱਲੋਂ ਕਿਸਾਨਾਂ ਦੇ ਚਿੱਟੇ ਸੋਨੇ (ਨਰਮੇ) ਦੀ ਖਰੀਦ ਲਈ ਜਾਰੀ ਕੀਤੇ ਨਵੇਂ ਪੋਰਟਲ ਨੇ ਆੜ੍ਹਤੀਆਂ ਲਈ ਹੋਰ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਇਸ ਪੋਰਟਲ ਦੇ ਵਿਰੋਧ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਪਹਿਲੀ ਅਕਤੂਬਰ ਤੋਂ ਨਰਮੇ ਦੀ ਬੋਲੀ ਦਾ ਬਾਈਕਾਟ ਕਰ ਸਕਦੇ ਹਨ ਅਤੇ ਇਸ ਬੋਲੀ ਤੋਂ ਬਿਨਾਂ ਫੈਕਟਰੀ ਮਾਲਕ ਅਤੇ ਭਾਰਤੀ ਕਪਾਹ ਨਿਗਮ (ਸੀਸੀਆਈ) ਖਰੀਦ ਨਹੀਂ ਕਰ ਸਕੇਗੀ।
ਅੱਜ ਮਾਨਸਾ ਵਿੱਚ ਆੜ੍ਹਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆਂ ਨੇ ਕਿਹਾ ਕਿ ਮਾਲਵਾ ਖੇਤਰ ਦੇ ਆੜ੍ਹਤੀਏ ਨਰਮੇ ਦੀ ਢਾਈ ਫੀਸਦੀ ਤੋਂ ਘਟਾ ਕੇ ਇੱਕ ਫੀਸਦੀ ਕੀਤੀ ਆੜ੍ਹਤ ਦੇ ਖਿਲਾਫ਼ ਪਹਿਲਾਂ ਹੀ ਮੈਦਾਨ ਵਿੱਚ ਉਤਰੇ ਹੋਏ ਹਨ ਅਤੇ ਹੁਣ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਪੋਰਟਲ ਖ਼ਿਲਾਫ਼ ਅੱਜ ਤੋਂ ਹੀ ਧਰਨੇ ਮੁਜ਼ਾਹਰੇ ਆਰੰਭ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਉਦਯੋਗ ਭਗਵੰਤ ਮਾਨ ਦੀ ਸਰਕਾਰ ਨੇ ਤਬਾਹ ਕਰ ਦਿੱਤਾ ਹੈ। ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਜਰਮਨੀ ਅਤੇ ਹੋਰ ਦੇਸ਼ਾਂ ਵਿੱਚ ਜਾ ਕੇ ਵੱਡੀਆਂ ਕੰਪਨੀਆਂ ਨੂੰ ਪੰਜਾਬ ਲਿਆਉਣ ਦੀ ਤਿਆਰ ਕਰ ਰਹੇ ਹਨ, ਦੂਜੇ ਪਾਸੇ ਪੰਜਾਬ ਦੇ ਸ਼ੈਲਰ ਉਦਯੋਗ ਅਤੇ ਆੜ੍ਹਤ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਸੰਗੀ ਘੁੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ’ਤੇ ਆੜ੍ਹਤ ਦਾ ਕਮਿਸ਼ਨ ਘਟਾ ਕੇ ਨਾਦਰਸ਼ਾਹੀ ਫੈਸਲਾ ਲਿਆ ਗਿਆ ਹੈ ਜਿਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਰਾਜ ਵਿੱਚ ਉਦਯੋਗ ਹੀ ਫੇਲ੍ਹ ਹੋ ਗਏ ਤਾਂ ਤਰੱਕੀ ਦੇ ਰਸਤੇ ਆਪਣੇ-ਆਪ ਬੰਦ ਹੋ ਜਾਣਗੇ।
ਇਸ ਮੌਕੇ ਅਮਰਨਾਥ ਜਿੰਦਲ, ਰਮੇਸ਼ ਟੋਨੀ, ਤਰਸੇਮ, ਚੰਦਰ ਕਾਂਤ ਕੁੱਕੀ, ਰਾਕੇਸ਼ ਕਾਕੂ, ਰੋਸ਼ਨ ਲਾਲ ਹਾਜ਼ਰ ਸਨ।
ਸੜਕ ’ਤੇ ਪ੍ਰੀਮਿਕਸ ਨਾ ਪਾਉਣ ਕਾਰਨ ਕਿਸਾਨ ਔਖੇ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਇਥੋਂ ਦੇ ਮਿਉਂਸਿਪਲ ਪਾਰਕ ਵਿੱਚ ਬਲਾਕ ਪੱਧਰੀ ਇਕੱਠ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਾਕ ਮੀਤ ਪ੍ਰਧਾਨ ਜਗਸੀਰ ਸਿੰਘ ਅਤੇ ਜਨਰਲ ਸਕੱਤਰ ਜਗਦੇਵ ਸਿੰਘ ਲਹਿਰਾ ਨੇ ਕਿਹਾ ਕਿ ਪਿੰਡ ਭੁੱਚੋ ਕਲਾਂ ਤੋਂ ਪਿੰਡ ਗੋਬਿੰਦਪੁਰਾ ਨੂੰ ਜਾਂਦੀ ਸੜਕ ’ਤੇ ਇੱਕ ਸਾਲ ਤੋਂ ਪੱਥਰ ਪਾ ਕੇ ਛੱਡਿਆ ਹੋਇਆ ਹੈ। ਇਸ ਨਾਲ ਹਾਦਸੇ ਵਾਪਰ ਰਹੇ ਹਨ ਅਤੇ ਕਿਸਾਨਾਂ ਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਪੂਰਾ ਕੀਤਾ ਜਾਵੇ ਅਤੇ ਪਿੰਡ ਲਹਿਰਾ ਮੁਹੱਬਤ ਕੋਲ ਕੌਮੀ ਮਾਰਗ ’ਤੇ ਬਣੇ ਕੱਚੇ ਮੋੜ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂਆਂ ਨੇ ਪਿੰਡ ਪੂਹਲਾ ਦੇ ਸੁਖਜਿੰਦਰ ਸਿੰਘ ਨੂੰ ਬਲਾਕ ਪ੍ਰੈੱਸ ਸਕੱਤਰ ਚੁਣਿਆ। ਇਸ ਮੌਕੇ ਬਲਾਕ ਅਤੇ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।