ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 17 ਫਰਵਰੀ
ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਸਚਾਈ ਤੋਂ ਕੋਹਾਂ ਦੂਰ ਹੈ। ਇਹ ਪਾਰਟੀ ਫ਼ਰਜ਼ੀ ਅੰਕੜਿਆਂ ਰਾਹੀਂ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ। ਇਸ ਲਈ ਝੂਠ ਦੀ ਸਿਆਸਤ ਕਰਨ ਵਾਲੀ ਇਸ ਪਾਰਟੀ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੇ ਪਿੰਡ ਕੋਠਾ ਗੁਰੂ, ਆਕਲੀਆ, ਜਲਾਲ ਤੇ ਭਗਤਾ ਭਾਈ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਪਿੰਡ ਕੋਠਾਗੁਰੂ ਵਿਖੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਜਦੋਂ ਨਗਰ ਪੰਚਾਇਤ ਕੋਠਾਗੁਰੂ ਦਾ ਮੌਜੂਦਾ ਕੌਂਸਲਰ ਗੁਰਜੀਤ ਕਾਕਾ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ ਦਲ ‘ਚ ਸ਼ਾਮਲ ਹੋ ਗਿਆ। ਇਸ ਮੌਕੇ ਹਾਕਮ ਸਿੰਘ ਜੱਸੜ, ਰਛਪਾਲ ਪੰਨੂੰ, ਅਵਤਾਰ ਸਿੰਘ ਤਾਰਾ, ਰਾਜਿੰਦਰ ਸੋਢੀ, ਕੌਂਸਲਰ ਗੁਰਜੰਟ ਸਿੰਘ ਜੰਟੂ ਤੇ ਸੁਖਦੇਵ ਸਿੰਘ ਸਾਬਕਾ ਕੌਸਲਰ ਹਾਜ਼ਰ ਸਨ।