ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ, 9 ਜੁਲਾਈ
ਮੋਗਾ ਪੁਲੀਸ ਵੱਲੋਂ ਵਿਦੇਸ਼ ਜਾਣ ਵਾਲੇ ਨਾਗਰਿਕਾਂ ਲਈ ਤਜਰਬਾ ਸਰਟੀਫਿਕੇਟ ਅਤੇ ਜਾਅਲੀ ਦਸਤਾਵੇਜ਼ ਆਦਿ ਤਿਆਰ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਡਾ. ਆਸ਼ੂ ਬੰਗੜ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਜ਼ਿਲ੍ਹਾ ਕਾਂਗਰਸ ਮੋਗਾ ਵੱਲੋਂ ਥਾਣੇ ਸਾਹਮਣੇ ਲਗਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਸਣੇ ਸੂਬੇ ਭਰ ਦੇ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਡਾ. ਆਸ਼ੂ ਬੰਗੜ ਨੂੰ ਰੰਜ਼ਿਸ਼ ਤਹਿਤ ਗ੍ਰਿਫ਼ਤਾਰ ਕਰ ਕੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਆਮ ਆਦਮੀ ਪਾਰਟੀ ਛੱਡ ਕੇ ਉਨ੍ਹਾਂ ਦੀ ਟਿਕਟ ਮੋੜ ਕੇ ਕਾਂਗਰਸ ਪਾਰਟੀ ਵੱਲੋਂ ਫ਼ਿਰੋਜ਼ਪੁਰ ਤੋਂ ਚੋਣ ਲੜੀ ਸੀ। ਉਨ੍ਹਾਂ ਕਿਹਾ ਕਿ ‘ਆਪ’ ਕਾਂਗਰਸੀ ਆਗੂਆਂ ’ਤੇ ਝੂਠੇ ਕੇਸ ਦਰਜ ਕਰ ਰਹੀ ਹੈ।
ਇਸ ਮੌਕੇ ਪਰਗਟ ਸਿੰਘ, ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਆਦਿ ਨੇ ਕਿਹਾ ਕਿ ਪੁਲੀਸ ਅਜੇ ਤੱਕ ਡਾ. ਆਸ਼ੂ ਖਿਲਾਫ਼ ਸਬੂਤ ਪੇਸ਼ ਨਹੀਂ ਕਰ ਸਕੀ। ਜੇ ਸੋਮਵਾਰ ਤੱਕ ਇਨਸਾਫ਼ ਨਾ ਮਿਲਿਆ ਤਾਂ ਚੰਡੀਗੜ੍ਹ ਡੀਜੀਪੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਵਿੱਚ ਮਨਜੀਤ ਮਾਨ, ਮਾਲਵਿਕਾ ਸੂਦ ਆਦਿ ਜ਼ਿਲ੍ਹੇ ਭਰ ਦੇ ਕਾਂਗਰਸੀ ਆਗੂਆਂ ਅਤੇ ਡਾ ਆਸ਼ੂ ਦੀ ਪਤਨੀ ਸਣੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਪਾਰਟੀ ਸਮਰੱਥਕਾਂ ਨੇ ਸ਼ਮੂਲੀਅਤ ਕਰਦਿਆਂ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।