ਪੱਤਰ ਪ੍ਰੇਰਕ
ਮੌੜ ਮੰਡੀ, 9 ਮਈ
‘‘ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੋਈ ਨਿਯੁਕਤੀ ਲਈ 50 ਪਰਿਵਾਰਾਂ ਦੀ ਜਾਰੀ ਹੋਈ ਲਿਸਟ ਅਨੁਸਾਰ ਬੈਂਕ ਦੀਆਂ ਬਣੀਆਂ ਚਿੱਠੀਆਂ ਵੰਡ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।’’ ਇਹ ਪ੍ਰਗਟਾਵਾ ਭਾਜਪਾ ਦੇ ਜਰਨਲ ਸਕੱਤਰ ਦਿਆਲ ਸੋਢੀ ਨੇ ਪ੍ਰੈੱਸ ਕੋਲ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮੌੜ ਮੰਡੀ ਦੇ 50 ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 50 ਹਜ਼ਾਰ ਰੁਪਏ ਦੀ ਸਿੱਧੀ ਅਦਾਇਗੀ ਹੋਣੀ ਹੈ, ਜਦੋਂ ਕਿ ਫੋਕੀ ਸ਼ੋਹਰਤ ਲਈ ਜੋ ਚਿੱਠੀਆਂ ਇਨ੍ਹਾਂ ਪਰਿਵਾਰਾਂ ਦੇ ਘਰਾਂ ਵਿੱਚ ਬੈਂਕ ਵੱਲੋਂ ਭੇਜੀਆਂ ਜਾਣੀਆਂ ਸਨ, ਉਹ ਚਿੱਠੀਆਂ ਫੋਕੀ ਵਾਹ-ਵਾਹ ਖੱਟਣ ਲਈ ਵੰਡ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵਿੱਚ ਸਿੱਧੀ ਦਖ਼ਲ ਅੰਦਾਜ਼ੀ ਕਰੇ। ਉਨ੍ਹਾਂ ਕਿਹਾ ਕਿ ਜੇ ‘ਆਪ’ ਨੇ ਲੋਕਾਂ ਵਿੱਚ ਵਾਹ-ਵਾਹ ਖੱਟਣੀ ਹੈ ਤਾਂ ਚੋਣਾਂ ਵਿੱਚ ਕੀਤੇ ਵਾਅਦੇ ਤੁਰੰਤ ਆਪਣੀ ਸਰਕਾਰ ਤੋਂ ਲਾਗੂ ਕਰਵਾਉਣ ਲਈ ਦਬਾਅ ਬਣਾਉਣ, ਨਾ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਪ੍ਰਤੀ ਗ਼ਲਤ ਪ੍ਰਚਾਰ ਕਰਨ ਲਈ ਅਣ-ਅਧਿਕਾਰਤ ਪ੍ਰੋਗਰਾਮ ਕੀਤੇ ਜਾਣ।