ਜੋਗਿੰਦਰ ਸਿੰਘ ਮਾਨ
ਮਾਨਸਾ, 13 ਅਕਤੂਬਰ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਪੰਜਾਬ ਤੋਂ ਨਹੀਂ ਦਿੱਲੀ ਤੋਂ ਚੱਲਦੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਰੀ ਕਮਾਂਡ ਕੇਜਰੀਵਾਲ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀਆਂ ਦੇ ਖੂਨ ਪਸੀਨੇ ਦਾ ਪੈਸਾ ਕੇਜਰੀਵਾਲ ਦੇ ਇਸ਼ਾਰੇ ’ਤੇ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਦੀਆਂ ਤਿਆਰੀਆਂ ਉਤੇ ਖਰਚ ਕਰ ਰਹੀ ਹੈ, ਜੋ ਪੰਜਾਬੀਆਂ ਨਾਲ ਇਕ ਵੱਡਾ ਧੋਖਾ ਹੈ। ਉਹ ਮਾਨਸਾ ਨੇੜਲੇ ਪਿੰਡ ਤਾਮਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਦੇ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਸਿੰਮੀ ਦੇ ਘਰ ਉਨ੍ਹਾਂ ਦੀ ਮੌਤ ਸਬੰਧੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਆਏ ਸਨ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸਿੱਟ ਵੱਲੋਂ ਕੋਟਕਪੁਰਾ ਗੋਲੀ ਕਾਂਡ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਕੀਤੀ ਜਾ ਰਹੀ ਪੁੱਛਗਿੱਛ ਦਾ ਬਾਦਲ ਪਰਿਵਾਰ ਹਰ ਤਰ੍ਹਾਂ ਦਾ ਸਹਿਯੋਗ ਕਰ ਰਿਹਾ ਹੈ, ਪਰ ਸਰਕਾਰ ਵੱਲੋਂ ਜਾਂਚ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਨ੍ਹਾਂ ਕੇਸਾਂ ਵਿੱਚ ਹੁਣ ਤੱਕ ਕੋਈ ਕਾਰਵਾਈ ਨਾ ਕਰਨਾ ਮੰਦਭਾਗਾ ਹੈ ਅਤੇ ਹੁਣ ਸਿਆਸੀ ਬਦਲਾਖ਼ੋਰੀ ਤਹਿਤ ਅਕਾਲੀ ਨੇਤਾਵਾਂ ਨੂੰ ਬੇਲੋੜੀ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬਦਲਾਅ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ ਅਤੇ ਰਾਜ ਵਿੱਚ ਅੱਜ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਦੁਕਾਨਦਾਰਾਂ, ਕਾਰਖਾਨੇਦਾਰਾਂ ਅਤੇ ਹੋਰਨਾਂ ਵਰਗਾਂ ਦਾ ਮੋਹ ਭੰਗ ਹੋ ਕੇ ਥਾਂ-ਥਾਂ ਧਰਨੇ-ਮੁਜ਼ਾਹਰੇ ਕੀਤੇ ਜਾਣ ਲੱਗੇ ਹਨ। ਉਨ੍ਹਾਂ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸੂਬੇ ਵਿਚੋਂ ਨਸ਼ਾ ਖਤਮ ਕਰਨ ਅਤੇ ਔਰਤਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਭੁੱਲ ਕੇ ਪੰਜਾਬ ਸਰਕਾਰ ਇਸ਼ਤਿਹਾਰਾਂ ਰਾਹੀਂ ਫੋਕੀ ਵਾਹ ਵਾਹ ਕਰਨ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬੀਆਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਇਸ ਮੌਕੇ ਪ੍ਰੇਮ ਅਰੋੜਾ, ਗੁਰਪ੍ਰੀਤ ਚਹਿਲ, ਹਨੀ ਬਾਂਸਲ, ਕਰਮਜੀਤ ਕੌਰ ਸਮਾਓ, ਰਘਵੀਰ ਸਿੰਘ ਵੀ ਮੌਜੂਦ ਸਨ।
ਲੰਬੀ (ਇਕਬਾਲ ਸਿੰਘ ਸ਼ਾਂਤ): ਬੀਬੀ ਹਰਸਿਮਰਤ ਕੌਰ ਬਾਦਲ ਅੱਜ ਮੰਡੀ ਕਿੱਲਿਆਂਵਾਲੀ ਵਿਖੇ ਯੂਥ ਅਕਾਲੀ ਦਲ ਦੇ ਸਰਗਰਮ ਕਾਰਕੁਨ ਰਮੇਸ਼ ਕਿੱਲਿਆਂਵਾਲੀ ਦੇ ਘਰ ਉਨ੍ਹਾਂ ਦੇ ਪਿਤਾ ਓਮ ਸ਼ਰਨ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਉਣ ਪੁੱਜੇ। ਸ੍ਰੀ ਓਮ ਸ਼ਰਨ ਦੀ ਕੁਝ ਦਿਨਾਂ ਪਹਿਲਾਂ ਬਿਮਾਰੀ ਉਪਰੰਤ ਮੌਤ ਹੋ ਗਈ ਸੀ। ਸੰਸਦ ਮੈਂਬਰ ਬੀਬੀ ਬਾਦਲ ਨੇ ਰਮੇਸ਼ ਕੁਮਾਰ ਅਤੇ ਉਸ ਦੇ ਪਰਿਵਾਰ ਨਾਲ ਅਫਸੋਸ ਪ੍ਰਗਟਾਉਂਦੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਏ. ਅਨਮੋਲ ਸਿੰਘ, ਮਨਜੀਤ ਸਿੰਘ ਲਾਲਬਾਈ, ਨਿਰਮਲ ਸਿੰਘ ਬਨਵਾਲਾ, ਸੀਨੀਅਰ ਯੂਥ ਆਗੂ ਜਗਮੀਤ ਸਿੰਘ ਚਹਿਲ ਖੁੱਡੀਆਂ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਅਕਾਸ਼ਦੀਪ ਸਿੰਘ ਮਿੱਡੂਖੇੜਾ ਆਦਿ ਮੌਜੂਦ ਸਨ।