ਪੱਤਰ ਪ੍ਰੇਰਕ
ਭਗਤਾ ਭਾਈ, 20 ਮਾਰਚ
ਵਿਧਾਨ ਸਭਾ ਚੋਣ ਨਤੀਜਿਆਂ ਮਗਰੋਂ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਅਤੇ ਹਾਰ ਦੇ ਕਾਰਨਾਂ ਸਬੰਧੀ ਪੜਚੋਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਹਲਕਾ ਰਾਮਪੁਰਾ ਫੂਲ ਦੀ ਮੀਟਿੰਗ ਗੁਰਦੁਆਰਾ ਤਾਰੂਆਣਾ ਸਾਹਿਬ ਪਿੰਡ ਮਲੂਕਾ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਹੋਈ।
ਸ੍ਰੀ ਮਲੂਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਵਾਅਦਿਆਂ ਤੇ ਝੂਠੀਆਂ ਸਹੁੰਆਂ ਨਾਲ ਲੋਕਾਂ ਨੂੰ ਗੁਮਰਾਹ ਕੀਤਾ ਸੀ, ਉਸੇ ਤਰਜ ’ਤੇ ਹੁਣ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਬਦਲਾਅ ਵਾਲਾ ਲੋਕਾਂ ਦਾ ਭੁਲੇਖਾ ਵੀ ਜਲਦੀ ਹੀ ਦੂਰ ਹੋ ਜਾਵੇਗਾ। ਉਨ੍ਹਾਂ ਲੋਕਾਂ ਦੇ ਫ਼ਤਵੇ ਨੂੰ ਕਬੂਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਜ਼ਿਆਦਾ ਵੋਟ ‘ਆਪ’ ਵੱਲ ਚਲੀ ਗਈ, ਜੋ ਕਿ ਅਕਾਲੀ-ਬਸਪਾ ਗੱਠਜੋੜ ਦੀ ਹਾਰ ਦਾ ਕਾਰਨ ਬਣੀ। ਇਸ ਮੌਕੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ, ਫੁੰਮਣ ਸਿੰਘ ਭਗਤਾ, ਸਤਨਾਮ ਸਿੰਘ ਭਾਈਰੂਪਾ, ਸੁਰਮੁੱਖ ਸਿੰਘ ਸਿੱਧੂ, ਸੁਰਿੰਦਰ ਜੌੜਾ, ਜਗਮੋਹਨ ਭਗਤਾ ਤੇ ਰਣਧੀਰ ਸਿੰਘ ਧੀਰਾ ਨੇ ਵੀ ਸੰਬੋਧਨ ਕੀਤਾ।