ਨਿਰੰਜਣ ਬੋਹਾ
ਬੋਹਾ, 12 ਸਤੰਬਰ
ਨਗਰ ਪੰਚਾਇਤ ਬੋਹਾ ’ਤੇ ਅੱਜ ਉਸ ਵੇਲੇ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਜਦੋਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਆਗਵਾਈ ਹੇਠ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਬੀਬੀ ਸੁਖਜੀਤ ਕੌਰ ਬਾਵਾ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਨਗਰ ਪੰਚਇਤ ਦੇ ਮੀਤ ਪ੍ਰਧਾਨ ਬੀਬੀ ਬਲਵੀਰ ਕੌਰ, ਕੌਂਸਲਰ ਮਨਜੀਤ ਕੌਰ, ਕੌਂਸਲਰ ਮਿੱਠੂ ਸਿੰਘ ਗਾਦੜਪੱਤੀ ਤੇ ਕੌਂਸਲਰ ਮੱਖਣ ਸਿੰਘ ਨੇ ਵੀ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹੋਰ ਆਗੂਆਂ ਵਿੱਚ ਟਰੱਕ ਯੂਨੀਅਨ ਬੋਹਾ ਦੇ ਪ੍ਰਧਾਨ ਨਾਇਬ ਸਿੰਘ, ਡਾਇਰੈਕਟਰ ਸੁਖਪਾਲ ਸਿੰਘ ਤੇ ਸੁੱਖਾ ਸਿੰਘ ਮੰਘਾਣੀਆਂ ਵੀ ਸ਼ਾਮਲ ਹਨ।
ਵਿਧਾਇਕ ਬੁੱਧ ਰਾਮ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਜਿੰਨੇ ਕੰਮ ਕੀਤੇ ਹਨ, ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਉਹ ਕੰਮ ਪੰਜ ਸਾਲਾਂ ਵਿੱਚ ਵੀ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਬੋਹਾ ਰਜਬਾਹੇ ਨੂੰ ਪੱਕਾ ਕਰਨ ਦੀ ਸ਼ੁਰੂਆਤ ਛੇਤੀ ਹੀ ਕਰ ਦਿੱਤੀ ਜਾਵੇਗੀ। ਇਸ ਮੌਕੇ ‘ਆਪ’ ਦੀ ਸਥਾਨਕ ਇਕਾਈ ਦੇ ਪ੍ਰਧਾਨ ਪਰਮਜੀਤ ਪੰਮਾ, ਦਰਸ਼ਨ ਘਾਰੂ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।