ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਅਪਰੈਲ
ਸੂਬੇ ’ਚ ਰਾਜ ਪਰਿਵਤਰਨ ਬਾਅਦ ਤਤਕਾਲੀ ਹਕੂਮਤ ਵੱਲੋਂ ਭੰਗ ਕੀਤੀਆਂ ਟਰੱਕ ਯੂਨੀਅਨਾਂ ’ਤੇ ਕਾਬਜ਼ ਹੋਣ ਲਈ ਹਾਕਮ ਧਿਰ ਸਮਰਥਕ ਪੱਬਾਂ ਭਾਰ ਹਨ। ਜੈਤੋ ਤੇ ਹੋਰ ਥਾਵਾਂ ਤੋਂ ਬਾਅਦ ਅੱਜ ਟਰੱਕ ਯੂਨੀਅਨ ਉੱਤੇ ਕਬਜ਼ੇ ਨੂੰ ਲੈ ਕੇ ਮੋਗਾ ’ਚ ਵੀ ’ਆਪ’ ਤੇ ’ਕਾਂਗਰਸ’ ਸਮਰਥਕ ਅਪਰੇਟਰ ਭਿੜ ਗਏ।
ਇਸ ਮੌਕੇ ਹੋਏ ਝਗੜੇ ਵਿੱਚ ‘ਆਪ’ ਸਮਰਥਕ ਦੱਸੇ ਜਾਂਦੇ ਦੋ ਵਿਅਕਤੀ ਸੱਟਾਂ ਲੱਗਣ ਕਾਰਨ ਜਖ਼ਮੀ ਹੋ ਗਏ ਅਤੇ ਉਹ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਦੌਰਾਨ ਹਾਕਮ ਧਿਰ ਦੇ ਸਮਰਥਕ ਹੋਣ ਦਾ ਦਾਅਵੇ ਕਰਦੇ ਬਹੁ ਗਿਣਤੀ ਟਰੱਕ ਅਪਰੇਟਰਾਂ ਨੇ ਨਵੀਂ ਜਗ੍ਹਾ ਆਪਣਾ ਤਖ਼ਤਪੋਸ਼ ਲਗਾ ਕੇ ਟਰੱਕਾਂ ਦੀ ਪੁਕਾਰ ਲਗਾਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲੀਸ ਮੌਕੇ ਉੱਤੇ ਪੁੱਜੀ ਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਥਾਨਕ ਸ਼ਹਿਰੀ ਹਲਕੇ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਟਰੱਕ ਯੂਨੀਅਨ ’ਚ ਹਾਲੇ ਤੱਕ ਕਿਸੇ ਦਖ਼ਲ ਅੰਦਾਜ਼ੀ ਤੋਂ ਇਨਕਾਰ ਕਰਨ ਦਾ ਦਾਅਵਾ ਕੀਤਾ ਕਿ ’ਆਪ’ ਟਕਸਾਲੀ ਵਾਲੰਟੀਅਰ ਅਵਤਾਰ ਬੰਟੀ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੇ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤੀ ਸਰਕਾਰ ਵੱਲੋਂ ਟਰੱਕ ਯੂਨੀਅਨ ਦੇ ਪ੍ਰਬੰਧਾਂ ’ਚ ਅਜੇ ਤੱਕ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ ਗਈ। ਉਨ੍ਹਾਂ ਸਪਸ਼ਟ ਕੀਤਾ ਕਿ ਕੁਝ ਵਿਅਕਤੀ ਉਨ੍ਹਾਂ ਕੋਲ ਟਰੱਕ ਯੂਨੀਅਨ ਦਾ ਮਾਮਲਾ ਲੈ ਕੇ ਆਏ ਸਨ ਜਿਸ ’ਤੇ ਉਨ੍ਹਾਂ ਨੂੰ ਕੁਝ ਸਮਾਂ ਰੁਕਣ ਲਈ ਕਿਹਾ ਗਿਆ ਹੈ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਟਰੱਕ ਯੂਨੀਅਨ ਦਾ ਮੁੱਦਾ ਭਖ ਰਿਹਾ ਸੀ। ਉਨ੍ਹਾਂ ਕੋਲ ‘ਆਪ’ ਟਕਸਾਲੀ ਆਗੁ ਅਵਤਾਰ ਬੰਟੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਆਉਂਦੇ ਰਹੇ ਪਰ ਸਮਝਾਉਣ ਦੇ ਬਾਵਜੂਦ ਉਹ ਪਾਰਟੀ ਤੋਂ ਬਾਹਰ ਹੋ ਕੇ ਮਨਮਰਜੀ ਕਰ ਰਿਹਾ ਹੈ। ਇਸ ਲਈ ਪਾਰਟੀ ਦਾ ਬੰਟੀ ਤੇ ਉਸ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ। ਸੂਬੇ ’ਚ ਸਾਲ 2017 ਵਿੱਚ ਰਾਜ ਪਰਿਵਤਰਨ ਬਾਅਦ ਕਾਂਗਰਸ ਦੀ ਸਰਕਾਰ ਆਈ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਪੰਜਾਬ ਦੀਆਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ, ਜਿਸ ਕਾਰਨ ਟਰੱਕ ਅਪ੍ਰੇਟਰਾਂ ’ਚ ਭਾਰੀ ਰੋਸ ਸੀ ਪਰ ਉਨ੍ਹਾਂ ਤੋਂ ਬਾਅਦ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਰੱਕ ਯੂਨੀਅਨਾਂ ਮੰਗ ਪੱਤਰ ਦੇ ਰਹੀਆਂ ਸਨ।