ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 1 ਫਰਵਰੀ
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਸਪੋਕਸਮੈਨ ਗੋਲਡੀ ਕੰਬੋਜ ਦੀ ਰਿਹਾਇਸ਼ ’ਤੇ ਇੱਕ ਪ੍ਰੈੱਸ ਕਾਨਫਰੰਸ ਕਰਦਿਆਂ ਸੱਤਾਧਾਰੀ ਪਾਰਟੀ ਕਾਂਗਰਸ ਉਪਰ ਨਗਰ ਕੌਂਸਲ ਚੋਣਾਂ ਲਈ ਫਾਰਮ ਭਰਨ ਸਮੇਂ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ। ਪਾਰਟੀ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਵਰਿੰਦਰ ਸਿੰਘ ਖ਼ਾਲਸਾ ਅਤੇ ਪੰਜਾਬ ਸਪੋਕਸਮੈਨ ਜਗਦੀਪ ਕੰਬੋਜ ਗੋਲਡੀ ਅਤੇ ਹਲਕਾ ਇੰਚਾਰਜ ਮਹਿੰਦਰ ਸਿੰਘ ਕਚੂਰਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਲਈ ਅੱਜ ਫਾਰਮ ਭਰਨ ਦਾ ਪਹਿਲਾ ਦਿਨ ਸੀ ਅਤੇ ਉਹ ਤਹਿਸੀਲ ਕੰਪਲੈਕਸ ਵਿੱਚ ਆਪਣੇ ਉਮੀਦਵਾਰਾਂ ਦੇ ਫਾਰਮ ਭਰਵਾਉਣ ਲਈ ਗਏ ਸਨ।
ਉਨ੍ਹਾਂ ਦੋਸ਼ ਲਾਇਆ ਕਿ ਉੱਥੇ ਕਾਂਗਰਸ ਪਾਰਟੀ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਫਾਈਲਾਂ ਖੋਹ ਲਈਆਂ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਧੱਕੇਸ਼ਾਹੀ ਵਿੱਚ ਪੁਲੀਸ ਦਾ ਪੂਰਾ ਸਹਿਯੋਗ ਸੀ ਅਤੇ ਪੁਲੀਸ ਅਫ਼ਸਰਾਂ ਨੇ ਖੁਦ ਮਿਲ ਕੇ ਫਾਈਲਾਂ ਖੋਹਣ ਵਿੱਚ ਕਾਂਗਰਸੀਆਂ ਦੀ ਮਦਦ ਕੀਤੀ। ਆਗੂਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਾਲਾਬਾਦ ਦੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸਾਫ਼-ਸੁਥਰੀ ਚੋਣ ਕਰਵਾਉਣ ਲਈ ਪ੍ਰਸ਼ਾਸਨ ਖੁਦ ਸਾਥ ਦੇਵੇ। ਇਸ ਮੌਕੇ ਐਡਵੋਕੇਟ ਸੁਖਦੇਵ ਸਿੰਘ ਵਾਰਵਲ, ਦੇਵ ਰਾਜ ਸ਼ਰਮਾ, ਪਵਨ ਕਾਮਰੇਡ, ਰਾਜੂ ਨਾਰੰਗ, ਪ੍ਰਵੀਨ ਬੰਦੀਵਾਲਾ, ਸਾਜਨ ਖੇੜਾ ਤੇ ਦੀਪਕ ਢਾਬਾਂ ਮੌਜੂਦ ਸਨ।
ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਈ: ਡੀਐੱਸਪੀ
ਡੀਐੱਸਪੀ ਜਲਾਲਾਬਾਦ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੀ ਸੁਰੱਖਿਆ ਵਾਸਤੇ ਉੱਥੇ ਲੱਗੀ ਹੈ, ਨਾ ਕਿ ਕਿਸੇ ਨੂੰ ਕਾਗਜ਼ ਭਰਨ ਤੋਂ ਰੋਕਣ ਲਈ।