ਪੱਤਰ ਪ੍ਰੇਰਕ
ਮਾਨਸਾ, 23 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਅੱਜ ਮਾਨਸਾ ’ਚ ਖੋਲ੍ਹੇ ਗਏ ਪਾਰਟੀ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਲਈ ਬਰਖਾਸਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਸੱਦਾ ਨਹੀਂ ਭੇਜਿਆ ਗਿਆ ਅਤੇ ਉਹ ਇਸ ਮੌਕੇ ਵਿਖਾਈ ਵੀ ਨਹੀਂ ਦਿੱਤੇ। ਪਾਰਟੀ ਨੇ ਇਸ ਪ੍ਰੋਗਰਾਮ ਲਈ ਸਾਬਕਾ ਮੰਤਰੀ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਲਿਆ। ਇਸ ਦਫ਼ਤਰ ਦਾ ਉਦਘਾਟਨ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਕੀਤਾ ਗਿਆ। ਕਚਹਿਰੀ ਰੋਡ ਵਿਖੇ ਸਥਾਪਤ ਕੀਤੇ ਗਏ ਇਸ ਦਫਤਰ ਦੇ ਉਦਘਾਟਨ ਮੌਕੇ ਪਾਰਟੀ ਦੇ ਲੋਕ ਸਭਾ ਇੰਚਾਰਜ, ਜ਼ਿਲ੍ਹਾ ਅਤੇ ਤਹਿਸੀਲ ਪ੍ਰਧਾਨ ਤੋਂ ਇਲਾਵਾ ਸਰਦੂਲਗੜ੍ਹ ਅਤੇ ਬੁਢਲਾਡਾ ਦੇ ਵਿਧਾਇਕ ਵੀ ਪਹੁੰਚੇ ਹੋਏ ਸਨ, ਪਰ ਡਾ. ਵਿਜੈ ਸਿੰਗਲਾ ਦਾ ਕਿਤੇ ਵੀ ਨਾਂਅ ਥੇਹ ਨਹੀਂ ਹੈ।
ਅੱਜ ਡਾ. ਬਲਜੀਤ ਕੌਰ ਵੱਲੋਂ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਕਰਨ ਸਬੰਧੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਸੱਦਾ ਪੱਤਰਾਂ, ਸੋਸ਼ਲ ਮੀਡੀਆ ਸੁਨੇਹਿਆਂ ਵਿੱਚ ਡਾ. ਵਿਜੈ ਸਿੰਗਲਾ ਦਾ ਕੋਈ ਵੀ ਜ਼ਿਕਰ ਤੱਕ ਨਹੀਂ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਰਦੂਗਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਮਹਿਲਾ ਵਿੰਗ ਦੀ ਪ੍ਰਧਾਨ, ਲੋਕ ਸਭਾ ਪਾਰਟੀ ਇੰਚਾਰਜ ਤੋਂ ਇਲਾਵਾ ਸਥਾਨਕ ਨੇਤਾਵਾਂ ਦਾ ਨਾਮ ਸ਼ਾਮਲ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਪਾਰਟੀ ਦੇ ਅੱਜ ਹੋਏ ਦਫ਼ਤਰ ਦੇ ਉਦਘਾਟਨ ਮੌਕੇ ਡਾ. ਵਿਜੈ ਸਿੰਗਲਾ ਨੂੰ ਕੋਈ ਬੁਲਾਵਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜੋ ਸੁਨੇਹਾ ਲਿਖਤੀ ਰੂਪ ਵਿੱਚ ਉੱਪਰੋਂ ਆਇਆ ਹੈ, ਉਸੇ ਸੁਨੇਹੇ ਨੂੰ ਪਾਰਟੀ ਵਰਕਰਾਂ ਨੂੰ ਭੇਜਿਆ ਗਿਆ ਹੈ। ਇਸ ਸਬੰਧੀ ਡਾ. ਵਿਜੈ ਸਿੰਗਲਾ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਸਕੀ।