ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 28 ਜੂਨ
ਗਿੱਦੜਬਾਹਾ-ਹੁਸਨਰ ਰੋਡ ’ਤੇ ਸਿਵਲ ਹਸਪਤਾਲ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ (42) ਆਪਣੇ ਪਲੈਟਿਨਾ ਮੋਟਰਸਾਈਕਲ ਰਾਹੀਂ ਪਿੰਡ ਹੁਸਨਰ ਤੋਂ ਗਿੱਦੜਬਾਹਾ ਵੱਲ ਜਾ ਰਿਹਾ ਸੀ ਤਾਂ ਪਿੰਡ ਹੁਸਨਰ ਦੇ ਹੀ ਰਹਿਣ ਵਾਲੇ ਗੁਰਸੇਵਕ ਸਿੰਘ (30) ਨੇ ਰਮੇਸ਼ ਕੁਮਾਰ ਤੋਂ ਲਿਫਟ ਲੈ ਲਈ, ਜਦੋਂ ਮੋਟਰਸਾਈਕਲ ਸਵਾਰ ਸਿਵਲ ਹਸਪਤਾਲ ਦੇ ਨੇੜੇ ਪੁੱਜੇ ਤਾਂ ਵੈਗਨਆਰ ਕਾਰ ਨੰਬਰ ਡੀ.ਐਲ.8 ਸੀ ਕੇ/5130 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਨਤੀਜੇ ਵਜੋਂ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਗੁਰਸੇਵਕ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਰਮੇਸ਼ ਕੁਮਾਰ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਹਸਪਤਾਲ ’ਚ ਦਾਖ਼ਲ ਕਰ ਲਿਆ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਗਿੱਦੜਬਾਹਾ ਦੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਿਕੰਦਰ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ਅਭੀ ਕੁਮਾਰ ਵਾਸੀ ਪਿੰਡ ਹੁਸਨਰ ਵਿਰੁੱਧ ਧਾਰਾ 279, 304ਏ, 427 ਆਈਪੀਸੀ ਅਧੀਨ ਕੇਸ ਦਰਜ ਕਰ ਲਿਆ ਹੈ।