ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 25 ਜੁਲਾਈ
ਨੇੜਲੇ ਪਿੰਡ ਸੰਧੂ ਖੁਰਦ ਦੇ ਨੌਜਵਾਨ ਨੇ ਕਥਿਤ ਤੌਰ ’ਤੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਮਾਤਾ ਲਖਵੀਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਸੰਧੂ ਖੁਰਦ ਨੇ ਫੂੁਲ ਪੁਲੀਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਲੜਕੇ ਹਰਪਿੰਦਰ ਸਿੰਘ ਦਾ ਵਿਆਹ ਪਿਛਲੇ ਮਹੀਨੇ ਨੀਸ਼ੂ ਪੁੱਤਰੀ ਜੀਤ ਸਿੰਘ ਵਾਸੀ ਬੜਿੰਗ ਥਾਣਾ ਕੈਂਟ ਜਲੰਧਰ ਨਾਲ ਹੋਇਆ ਸੀ।
ਘਟਨਾ ਤੋਂ ਦੋ ਦਿਨ ਪਹਿਲਾਂ ਉਸ ਦੀ ਨੂੰਹ ਨੀਸ਼ੂ ਨੂੰ ਉਸ ਦਾ ਭਰਾ ਰੋਹਿਤ ਕੁਮਾਰ ਤੇ ਨਾਨੀ ਸਨੇਹ ਲਤਾ ਮਿਲਣ ਆਏ ਸਨ। ਜੋ ਦੂਜੇ ਦਿਨ ਉਸ ਦੇ ਲੜਕੇ ਹਰਪਿੰਦਰ ਅਤੇ ਨੂੰਹ ਨੂੰ ਆਪਣੇ ਨਾਲ ਲੈ ਗਏ, ਪਰ ਉਸ ਦਿਨ ਹੀ ਉਸ ਦਾ ਲੜਕਾ ਘਰ ਵਾਪਸ ਆ ਗਿਆ ਸੀ। ਪੁੱਛਣ ’ਤੇ ਉਸ ਨੇ ਦੱਸਿਆ ਕਿ ਮੋਗਾ ਦੇ ਬੱਸ ਸਟੈਂਡ ਉੱਪਰ ਉਸ ਦੇ ਸਾਲੇ ਰੋਹਿਤ ਕੁਮਾਰ, ਸਾਲੀ ਰੀਆ ਅਤੇ ਨਾਨੀ ਸਨੇਹ ਲਤਾ ਨੇ ਉਸ ਨਾਲ ਕਥਿਤ ਧੱਕਾਮੁੱਕੀ ਕਰ ਕੇ ਉਸ ਦੀ ਬੇਇਜ਼ਤੀ ਕੀਤੀ ਹੈ।
ਲਖਵੀਰ ਕੌਰ ਨੇ ਦੱਸਿਆ ਕਿ ਉਸ ਰਾਤ ਹੀ ਕਰੀਬ 12:30 ਵਜੇ ਉਸ ਦੇ ਲੜਕੇ ਹਰਪਿੰਦਰ ਸਿੰਘ ਨੇ ਉਸ ਨੂੰ ਉਠਾ ਕੇ ਕਿਹਾ ਕਿ ਉਸ ਨੇ ਆਪਣੀ ਪਤਨੀ ਨੀਸ਼ੂ, ਸਾਲਾ ਰੋਹਿਤ, ਸਾਲੀ ਰੀਆ ਅਤੇ ਨਾਨੀ ਸਨੇਹ ਲਤਾ ਤੋਂ ਤੰਗ ਆ ਕੇ ਸਪਰੇਅ ਪੀ ਲਈ ਹੈ। ਹਸਪਤਾਲ ਲਿਜਾਂਦਿਆਂ ਉਸ ਨੇ ਰਾਹ ਵਿੱਚ ਦਮ ਤੋੜ ਦਿੱਤਾ। ਮ੍ਰਿਤਕ ਦੀ ਮਾਤਾ ਲਖਵੀਰ ਕੌਰ ਦੇ ਬਿਆਨਾਂ ’ਤੇ ਪੁਲੀਸ ਨੇ ਕਥਿਤ ਦੋਸ਼ੀਆਂ ਨੀਸ਼ੂ, ਰੋਹਿਤ, ਰੀਆ ਅਤੇ ਸਨੇਹ ਲਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।