ਪਰਮਜੀਤ ਸਿੰਘ
ਫਾਜ਼ਿਲਕਾ, 27 ਸਤੰਬਰ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਉਤਾੜ ’ਚ ਜਬਰ-ਜਨਾਹ ਦੇ ਝੂਠੇ ਮਾਮਲੇ ’ਚ ਫਸਾਉਣ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਜਿਸ ਸਬੰਧੀ ਥਾਣਾ ਸਦਰ ਪੁਲੀਸ ਨੇ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ।
ਜਾਂਚ ਅਧਿਕਾਰੀ ਐੱਸ.ਐੱਚ.ਓ. ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮ ਚੰਦ ਵਾਸੀ ਪਿੰਡ ਸੈਦੋਕੇ ਉਤਾੜ ਚਾਂਦਮਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਸ ਦੇ ਭਤੀਜਾ ਰਮਨਦੀਪ ਸਿੰਘ (24) ਨੂੰ ਜਸਵਿੰਦਰ ਕੌਰ, ਲਵਪ੍ਰੀਤ ਸਿੰਘ, ਸੁਖਦੇਵ ਸਿੰਘ ਅਤੇ ਬੋਹੜ ਸਿੰਘ ਵਾਸੀ ਪਿੰਡ ਸੈਦੋਕੇ ਉਤਾੜ ਚਾਂਦਮਾਰੀ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਜਸਵਿੰਦਰ ਕੌਰ ਉਸ ਨੂੰ ਜਬਰ-ਜਨਾਹ ਦੇ ਝੂਠੇ ਕੇਸ ਮਾਮਲੇ ’ਚ ਫਸਾਉਣ ਦੀਆਂ ਧਮਕੀਆਂ ਦਿੰਦੀ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਹੀ ਉਸ ਦੇ ਭਤੀਜੇ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਕਾਰਨ ਉਸ ਦੇ ਭਤੀਜੇ ਨੇ ਉਕਤ ਵਿਅਕਤੀਆਂ ਤੋਂ ਤੰਗ ਆ ਕੇ ਨਹਿਰ ’ਚ ਛਾਲ ਮਾਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।