ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 13 ਅਪਰੈਲ
ਸਥਾਨਕ ਬੁਢਲਾਡਾ ਭੀਖੀ ਰੋਡ ਫੁਟਬਾਲ ਚੌਕ ਦੇ ਨਜ਼ਦੀਕ ਬਾਰਦਾਨੇ ਦੇ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਬਾਰਦਾਨ ਸੜ ਗਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਕ ਟਰੱਕ ਚਾਲਕ ਰਾਜ ਸਿੰਘ ਪੁੱਤਰ ਲਾਭ ਸਿੰਘ ਨੇ ਦੱਸਿਆ ਕਿ ਉਹ ਪਨਗੇ੍ਨ ਦੇ ਗੋਦਾਮ ‘ਚੋ ਬਾਰਦਾਨੇ ਦਾ ਭਰਿਆ ਹੋਇਆ ਅਹਿਮਦਪੁਰ ਅਨਾਜ ਮੰਡੀ ਲਈ ਜਾ ਰਿਹਾ ਸੀ ਤਾਂ ਅਚਾਨਕ ਰਸਤੇ ਵਿੱਚ ਲੋਕਾਂ ਨੂੰ ਅੱਗ ਦੀਆਂ ਲਪਟਾਂ ਨਿਕਲਦੀਆਂ ਵਿਖਾਈ ਦਿੱਤੀਆਂ। ਟਰੱਕ ਨੂੰ ਰੋਕ ਕੇ ਨੇੜੇ ਦੇ ਦੁਕਾਨਦਾਰਾਂ ਵੱਲੋਂ ਸਬਮਰਸੀਬਲ ਮੋਟਰਾਂ ਚਲਾ ਕੇ ਅੱਗ ਤੇ ਕਾਬੂ ਪਾਇਆ ਗਿਆ। ਟਰੱਕ ਯੂਨੀਅਨ ਦੇ ਓਪਰੇਟਰਾਂ ਨੇ ਗੱਠਾਂ ਨੂੰ ਉਤਾਰ ਕੇ ਵੇਖਿਆ ਗਿਆ ਤਾਂ ਬਾਰਦਾਨੇ ਦੀਆਂ ਗੱਠਾਂ ਸੜ੍ਹ ਚੁੱਕੀਆਂ ਸਨ। ਇਸ ਸਬੰਧੀ ਫੂਡ ਸਪਲਾਈ ਦੇ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਬਾਰਦਾਨੇ ਦੇ ਸੜਨ ਸਬੰੰਧੀ ਰਿਪੋਰਟ ਬਣਾ ਕੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ਼ਾਰਟ ਸਰਕਟ ਕਾਰਨ ਕਣਕ ਦੀ ਫਸਲ ਸੜੀ
ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ਦੇ ਪਿੰਡ ਰੰਗਾ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਸ਼ਾਰਟ ਸਰਕਟ ਕਾਰਨ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਿਸਾਨ ਦੀ ਇੱਕ ਕਨਾਲ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਜੇਕਰ ਹੋਰ ਕਿਸਾਨ ਆ ਕੇ ਅੱਗ ‘ਤੇ ਕਾਬੂ ਨਾ ਪਾਉਂਦੇ ਤਾਂ ਕਈ ਏਕੜ ਕਣਕ ਸੜ ਕੇ ਸੁਆਹ ਹੋ ਜਾਣੀ ਸੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰੰਗਾ ਦੇ ਕਿਸਾਨ ਦੀਵਾਨ ਸਿੰਘ ਦੇ ਖੇਤ ਵਿੱਚ ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਅਚਾਨਕ ਅੱਗ ਲੱਗ ਗਈ। ਨੇੜਲੇ ਪਿੰਡਾਂ ਅਤੇ ਰੰਗਾਂ ਦੇ ਕਿਸਾਨਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਕਿਸਾਨ ਦੀਵਾਨ ਸਿੰਘ ਨੇ ਦੱਸਿਆ ਕਿ ਝੱਖੜ ਕਾਰਨ ਲਾਈਨ ਪਿਛਲੇ ਤਿੰਨ ਦਿਨਾਂ ਤੋਂ ਬੰਦ ਸੀ ਪਰ ਐਗਰੀਕਲਚਰ ਫੀਡਰ ਤੋਂ ਆਉਂਦੀ ਲਾਈਨ ‘ਚ ਬਿਜਲੀ ਦੀਆਂ ਤਾਰਾਂ ਆਪਸ ਵਿਚ ਜੁੜ ਗਈਆਂ, ਜਿਸ ਕਾਰਨ ਸ਼ਾਰਟ ਸਰਕਟ ਹੋਣ ਕਾਰਨ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਣ ‘ਤੇ ਦੋ ਪਿੰਡਾਂ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ, ਜਿਸ ਕਾਰਨ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਪਰ ਫਿਰ ਵੀ ਇੱਕ ਕਨਾਲ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।
ਲੱਖੇਵਾਲੀ ਰੇਲਵੇ ਸਟੇਸ਼ਨ ਦੇ ਸਾਹਮਣੇ ਸਰਕੰਡਿਆਂ ਨੂੰ ਅੱਗ ਲੱਗੀ
ਮੰਡੀ ਲੱਖੇਵਾਲੀ (ਪੱਤਰ ਪ੍ਰੇਰਕ) ਅੱਜ ਬਾਅਦ ਦੁਪਿਹਰ ਕਰੀਬ 4 ਵਜੇ ਰੇਲਵੇ ਸਟੇਸ਼ਨ ਲੱਖੇਵਾਲੀ ਦੇ ਐਨ ਸਾਹਮਣੇ ਖੜ੍ਹੇ ਘਾਹ ਫੂਸ ਅਤੇ ਸਰਕੰਡਿਆਂ ਨੂੰ ਅੱਗ ਲੱਗ ਗਈ ਜੋ ਕਿ ਬਹੁਤ ਤੇਜ਼ੀ ਨਾਲ ਦੋਹੀਂ ਪਾਸੀਂ ਫੈਲਣ ਲੱਗੀ। ਇਸ ਅੱਗ ਦਾ ਲਾਗਲੇ ਪਿੰਡ ਲੱਖੇਵਾਲੀ ਅਤੇ ਮੰਡੀ ਵਾਸੀਆਂ ਨੂੰ ਪਤਾ ਲੰਘਣ ‘ਤੇ ਵੱਡੀ ਗਿਣਤੀ ਵਿੱਚ ਲੋਕ ਇਥੇ ਪਹੁੰਚਕੇ ਅੱਗ ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਨ ਲੱਗੇ। ਥੋੜੀ ਦੇਰ ਬਾਅਦ ਪਤਾ ਲੱਗਣ ਤੇ ਫਾਇਰ ਬਿ੍ਗੇਡ ਵੀ ਆਪਣੇ ਅਮਲੇ ਸਮੇਤ ਘਟਨਾ ਸਥਾਨ ‘ਤੇ ਪੁੱਜ ਗਈ ਜਿਸ ਨੇ ਥੋੜ੍ਹੀ ਦੇਰ ਬਾਅਦ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ।