ਜਸਵੀਰ ਸਿੰਘ ਭੁੱਲਰ
ਦੋਦਾ, 19 ਅਕਤੂਬਰ
ਇਥੇ ਸੁਖਨਾ ਅਬਲੂ ਸੜਕ ਉੱਤੇ ਇੱਟਾਂ ਦੇ ਭੱਠੇ ਨੇੜੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰੈਕਟਰ ਟਰਾਲੇ ਨੂੰ ਢਿੱਲੀਆਂ ਤੇ ਨੀਵੀਆ ਬਿਜਲੀ ਦੀ ਤਾਰਾਂ ਕਾਰਨ ਅੱਗ ਲੱਗ ਗਈ ਜਿਸ ਨੂੰ ਕਾਬੂ ਕਰਨ ਲਈ ਗਿੱਦੜਬਾਹਾ ਤੋਂ ਫਾਇਰ ਬ੍ਰਿਗੇਡ ਗੱਡੀ ਪਹੁੰਚਣ ਕਰਕੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਡਰਾਈਵਰ ਰੇਸ਼ਮ ਸਿੰਘ ਸੁਖਨਾ ਜੋ ਭੱਠੇ ਦੇ ਸਾਹਮਣੇ ਵਾਲੇ ਖੇਤਾਂ ਵਿਚੋਂ ਪਰਾਲੀ ਦੀਆਂ ਗੱਠਾਂ ਦਾ ਟਰੈਕਟਰ ਟਰਾਲਾ ਭਰ ਕੇ ਲਿਜਾ ਰਿਹਾ ਸੀ, ਰਸਤੇ ਵਿਚ ਨੀਵੀਆਂ ਤਾਰਾਂ ਵਿਚ ਨਿਕਲੀ ਅੱਗ ਕਾਰਨ ਟਰਾਲੇ ਦੇ ਉਪਰ ਵਾਲੇ ਪਾਸੇ ਗੱਠਾਂ ਨੂੰ ਅੱਗ ਲੱਗ ਗਈ। ਇਸ ਦਾ ਪਤਾ ਲੱਗਦਿਆਂ ਹੀ ਉਸ ਨੇ ਟਰੈਕਟਰ ਤੇਜ਼ ਕਰ ਲਿਆ ਅਤੇ ਸੜਕ ਉਪਰ ਹੀ ਅੱਗ ਲੱਗੀਆਂ ਗੱਠਾਂ ਨੂੰ ਖਿਲਾਰਦੇ ਹੋਏ ਖਾਲੀ ਖੇਤ ਤੱਕ ਪਹੁੰਚਦਿਆਂ ਟਰਾਲਾ ਖਾਲੀ ਹੋ ਗਿਆ, ਪਰ ਲਗਪਗ ਇੱਕ ਕਿਲੋਮੀਟਰ ਤੱਕ ਪਰਾਲੀ ਦੀਆਂ ਗੱਠਾਂ ਸੜਦੀਆਂ ਰਹੀਆਂ, ਜਿਸ ਕਾਰਨ ਧੂੰਏ ਦੇ ਬੱਦਲ ਦੂਰ ਤੱਕ ਨਜ਼ਰ ਆਉਣ ਲੱਗੇ। ਮਦਦ ਲਈ ਲੋਕ ਵੀ ਪੁੱਜਣੇ ਸ਼ੁਰੂ ਹੋ ਗਏ।
ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਅੱਗ ਬਝਾਉਣ ਵਾਲੀ ਗੱਡੀ ਲੈ ਕੇ ਆਏ ਕੰਵਰਜੀਤ ਸਿੰਘ ਤੇ ਉਸ ਦੀ ਟੀਮ ਨੇ ਅੱਗ ‘ਤੇ ਕਾਬੂ ਪਾਇਆ, ਜਿਸ ਨਾਲ ਖੇਤਾਂ ’ਚ ਖੜ੍ਹਾ ਝੌਨਾ ਬਚ ਗਿਆ, ਪਰ ਇਸ ਅੱਗ ਕਾਰਨ ਕਿਸਾਨ ਬਲਦੇਵ ਸਿੰਘ ਦਾ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ।