ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 24 ਜੁਲਾਈ
ਜ਼ੀਰਾ ਦੇ ਨਜ਼ਦੀਕ ਪਿੰਡ ਰਟੌਲ ਰੋਹੀ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਮੁੱਖ ਗੇਟ ਅੱਗੇ ਵੱਖ-ਵੱਖ ਕਿਸਾਨ ਯੂਨੀਅਨਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਪੱਕਾ ਧਰਨਾ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਰਾਜ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਬੋਰ ਕਰਵਾਇਆ ਗਿਆ ਤਾਂ ਉੱਥੋਂ ਲਾਹਨ ਵਰਗਾ ਗੰਧਲਾ ਪਾਣੀ ਨਿਕਲਿਆ, ਜਿਸਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਵਧਣ ਲੱਗਾ, ਜਿਸ ਕਾਰਨ ਵੱਖ-ਵੱਖ ਕਿਸਾਨ ਜੱਥੇਬੰਦੀਆਂ ਤੇ ਪਿੰਡਾਂ ਦੇ ਲੋਕਾਂ ਵੱਲੋਂ ਮਾਲਬਰੋਜ਼ ਫੈਕਟਰੀ ਦੇ ਗੇਟ ਅੱਗੇ ਪੱਕਾ ਧਰਨਾ ਲਗਾਇਆ ਗਿਆ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਫੈਕਟਰੀ ਵਿੱਚੋਂ ਜੋ ਲਾਹਣ ਧਰਤੀ ਵਿੱਚ ਸੁੱਟੀ ਜਾ ਰਹੀ ਹੈ, ਉਸ ਨਾਲ ਇਲਾਕੇ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਇਲਾਕੇ ਵਿੱਚ ਫੈਲ ਸਕਦੀਆਂ ਹਨ।
ਇਸ ਸਬੰਧੀ ਜਦੋਂ ਫੈਕਟਰੀ ਦੇ ਮੈਨੇਜਰ ਪਵਨ ਕੁਮਾਰ ਬਾਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਗੰਦਾ ਪਾਣੀ ਜਾਂ ਲਾਹਣ ਧਰਤੀ ਵਿੱਚ ਨਹੀਂ ਪਾਇਆ ਜਾਂਦਾ, ਫਿਰ ਵੀ ਜੇ ਕਿਸਾਨ ਜਥੇਬੰਦੀਆਂ ਨੂੰ ਇਸ ’ਤੇ ਸ਼ੱਕ ਹੈ ਤਾਂ ਉਹ ਆਪਣੇ ਖਰਚੇ ’ਤੇ ਜਿਥੋਂ ਉਹ ਕਹਿਣ ਖੁਦਾਈ ਕਰਵਾ ਕੇ ਦਿਖਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਾਲਬਰੋਜ਼ ਸ਼ਰਾਬ ਫੈਕਟਰੀ ਅੰਦਰ ਟਰੀਟਮੈਂਟ ਪਲਾਂਟ ਲਗਾਇਆ ਗਿਆ ਹੈ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਬਾਹਰ ਨਹੀਂ ਜਾਂਦਾ। ਜਦੋਂ ਉਨ੍ਹਾਂ ਨੂੰ ਪਿੰਡ ਵਾਸੀਆਂ ਤੇ ਜਥੇਬੰਦੀਆਂ ਨਾਲ ਆਹਮੋ- ਸਾਹਮਣੇ ਬੈਠ ਕੇ ਗੱਲ ਕਰਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸਾਨ ਜੱਥੇਬੰਦੀਆਂ ਨਾਲ ਗੱਲ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਧਰਨਾ ਹੀ ਹਰ ਗੱਲ ਦਾ ਹੱਲ ਨਹੀਂ।