ਪੱਤਰ ਪ੍ਰੇਰਕ
ਮਾਨਸਾ, 13 ਸਤੰਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਵਿੱਚ ਅਫਰੀਕਨ ਸਵਾਈਨ ਫੀਵਰ ਦੀ ਹੋਈ ਪੁਸ਼ਟੀ ਤੋਂ ਬਾਅਦ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੇ ਜਿਹੜੇ ਮਾਨਸਾ ਜ਼ਿਲ੍ਹੇ ਦੇ ਚਾਰ ਪਿੰਡਾਂ ਵਿਚਲੇ ਸੂਰ ਫਾਰਮਾਂ ਵਿੱਚ ਜਾ ਕੇ ਸੈਂਪਲਿੰਗ ਕੀਤੀ ਗਈ ਸੀ, ਉਨ੍ਹਾਂ ਦੇ ਨਤੀਜੇ ਨੈਗੇਟਿਵ ਆਉਣ ਤੋਂ ਬਾਅਦ ਅੱਜ ਮਹਿਕਮੇ ਦੇ ਅਧਿਕਾਰੀਆਂ ਨੂੰ ਸੁੱਖ ਦਾ ਸਾਹ ਆਇਆ ਹੈ। ਮਹਿਕਮੇ ਨੇ ਪਿੰਡ ਤਲਵੰਡੀ ਅਕਲੀਆ ’ਚ ਪੰਜ ਸੂਰਾਂ ਨੂੰ ਇਸ ਬਿਮਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਾਰ ਕੇ ਧਰਤੀ ਹੇਠ ਦੱਬ ਦਿੱਤਾ ਸੀ ਤਾਂ ਕਿ ਬਿਮਾਰੀ ਫੈਲ ਨਾ ਸਕੇ। ਪੰਜਾਬ ਸਰਕਾਰ ਨੇ ਪਸ਼ੂ ਪਾਲਣ ਮਹਿਕਮੇ ਦੇ ਮਾਹਿਰਾਂ ਨੂੰ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਲਗਾਤਾਰ ਸੈਂਪਲਿੰਗ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।
ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਕਮਲ ਗੁਪਤਾ ਨੇ ਦੱਸਿਆ ਕਿ ਪਿੰਡ ਤਲਵੰਡੀ ਅਕਲੀਆ ਵਿੱਚ ਬਿਮਾਰੀ ਆਉਣ ਤੋਂ ਬਾਅਦ ਮਹਿਕਮੇ ਦੇ ਅਧਿਕਾਰੀਆਂ ਨੇ ਇਸ ਪਿੰਡ ਦੇ ਨੇੜਲੇ ਪਿੰਡ ਮੂਸਾ, ਰਮਦਿੱਤੇਵਾਲਾ, ਜਵਾਹਰਕੇ ਅਤੇ ਬਰੇਟਾ ਵਿੱਚ ਜਾ ਕੇ ਸੂਰਾਂ ਦੇ ਸੈਂਪਲ ਲਏ ਸਨ। ਸੈਂਪਲਾਂ ਨੂੰ ਟੈਸਟ ਲਈ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਭੇਜਿਆ ਗਿਆ ਸੀ। ਸੈਂਪਲ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਬਰੇਟਾ ਦੇ ਇੱਕ ਮੁਹੱਲੇ ਵਿੱਚ ਬਣੇ ਸੂਰ ਫਾਰਮ ਜਿੱਥੇ 124 ਸੂਰ ਹਨ, ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਜਵਾਹਰਕੇ ਵਿਖੇ 101, ਮੂਸਾ ਵਿੱਚ 36 ਅਤੇ ਰਮਦਿੱਤੇਵਾਲਾ ਵਿੱਚ 110 ਸੂਰਾਂ ਵਾਲੇ ਫਾਰਮਾਂ ਵਿੱਚ ਜਾ ਕੇ ਸੈਂਪਲ ਲਏ ਗਏ ਸਨ। ਉਨ੍ਹਾਂ ਕਿਹਾ ਕਿ ਭਾਵੇਂ ਫਾਰਮਾਂ ਵਿੱਚ ਇੱਕ-ਇੱਕ ਸੂਰ ਦੇ ਹੀ ਨਮੂਨੇ ਲਏ ਸਨ, ਪਰ ਹੁਣ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਸੂਰਾਂ ਨੂੰ ਬਿਮਾਰੀ ਮੁਕਤ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਇੱਕ ਸੂਰ ਵਿੱਚ ਆ ਜਾਂਦੀ ਹੈ ਤਾਂ ਉਸ ਦੇ ਇੱਕ ਕਿਲੋਮੀਟਰ ਵਾਲੇ ਘੇਰੇ ਵਿੱਚ ਹੋਰ ਸੂਰ ਵੀ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਨ।
ਲੰਪੀ ਸਕਿਨ ਪੀੜਤ ਪਸ਼ੂਆਂ ਦੇ ਇਲਾਜ ਲਈ ਪ੍ਰਬੰਧ ਕਰੇ ਸਰਕਾਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮਾਲਵਾ ਖੇਤਰ ਵਿੱਚ ਲੰਪੀ ਸਕਿਨ ਪੀੜਤ ਪਸ਼ੂਆਂ ਦੀ ਸੰਭਾਲ ਲਈ ਪ੍ਰਬੰਧ ਕੀਤਾ ਜਾਵੇ ਅਤੇ ਜੇਕਰ ਸਰਕਾਰ ਤੋਂ ਪ੍ਰਬੰਧ ਨਹੀਂ ਹੁੰਦਾ ਤਾਂ ਗਊ ਸੈੱਸ ਲੈਣਾ ਬੰਦ ਕੀਤਾ ਜਾਵੇ। ਜਥੇਬੰਦੀ ਅਨੁਸਾਰ ਲੰਪੀ ਸਕਿੱਨ ਬਿਮਾਰੀ ਕਾਰਨ ਲਾਵਾਰਿਸ ਪਸ਼ੂ ਥਾਂ-ਥਾਂ ’ਤੇ ਮਰ ਰਹੇ ਹਨ, ਜਿੰਨ੍ਹਾਂ ਨੂੰ ਚੁੱਕਣ ਲਈ ਕੋਈ ਸਰਕਾਰੀ ਮਹਿਕਮੇ ਦੇ ਅਧਿਕਾਰੀ ਡਿਊਟੀ ਨਹੀਂ ਨਿਭਾਅ ਰਹੇ ਹਨ। ਇਸ ਕਾਰਨ ਹੋਰ ਬਿਮਾਰੀਆਂ ਫੈਲਣ ਦਾ ਡਰ ਬਣਦਾ ਜਾ ਰਿਹਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਲੋਕਾਂ ਤੋਂ ਟੈਕਸ ਵਸੂਲ ਕੇ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਫੌਰੀ ਤੌਰ ’ਤੇ ਲਾਵਾਰਿਸ ਪਸ਼ੂਆਂ ਨੂੰ ਰਿਫਲੈਕਟਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਵੱਲੋਂ ਲਾਵਾਰਿਸ ਪਸ਼ੂਆਂ ਨੂੰ ਲਈ ਲੜਾਈ ਲੜੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਦੀ ਸੰਭਾਲ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਹੈ। ਇਸ ਸੰਘਰਸ਼ ਵਿੱਚ ਕਿਰਤੀ ਵਰਗ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਗਊ ਸੈੱਸ ਵਸੂਲਿਆ ਜਾ ਰਿਹਾ ਹੈ ਤਾਂ ਇਸ ਟੈਕਸ ਨੂੰ ਲੰਪੀ ਸਕਿੱਨ ਦੀ ਬਿਮਾਰੀ ਤੋਂ ਪੀੜਤ ਲਾਵਾਰਿਸ ਪਸ਼ੂਆਂ ਲਈ ਦਵਾਈ ਦਾ ਬੰਦੋਬਸਤ ਕਰਨਾ ਚਾਹੀਦਾ ਹੈ।