ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 17 ਮਈ
ਪੰਜਾਬ ਦੀ ਡੋਡਾ ਪੋਸਤ ਤਸਕਰ ਔਰਤ ਵੱਲੋਂ 3-5 ਨੌਜਵਾਨਾਂ ਸਣੇ ਦੋ ਪੋਸਤ ਤਸਕਰਾਂ ਤੋਂ ਮਾਰਕੁੱਟ ਕੇ 9 ਕਿੱਲੋ ਡੋਡਾ ਪੋਸਤ, ਸਵਿਫ਼ਟ ਕਾਰ ਤੇ 15 ਹਜ਼ਾਰ ਰੁਪਏ ਲੁੱਟ ਲਏ। ਡੱਬਵਾਲੀ ਪੁਲੀਸ ਨੇ ਔਰਤ ਤੇ 3-4 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਾਣੀਆਂ ਖੇਤਰ ਦੇ ਪਿੰਡ ਚੱਕਾ ਵਾਸੀ ਸਾਧੂ ਰਾਮ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਮੁਤਾਬਕ ਉਹ ਤੇ ਉਸਦਾ ਦੋਸਤ ਹਨੂੰਮਾਨ ਵਾਸੀ ਚੱਕਾ ਠੇਕੇ ’ਤੇ ਖੇਤੀਬਾੜੀ ਨਾਲ ਡੋਡਾ-ਪੋਸਤ ਦਾ ਕੰਮ ਵੀ ਕਰਦੇ ਹਨ। ਇਸੇ ਦੌਰਾਨ ਉਨ੍ਹਾਂ ਦੀ ਜਾਣਕਾਰੀ ਇੰਦਰਜੀਤ ਕੌਰ ਵਾਸੀ ਭੁੱਚੋ ਮੰਡੀ (ਪੰਜਾਬ) ਨਾਲ ਹੋਈ। ਉਨ੍ਹਾਂ ਦੋਵਾਂ ਦੀ ਇੰਦਰਜੀਤ ਕੌਰ ਨਾਲ ਫੋਨ ਤੇ ਵੱਟਸਐਪ ਕਾਲਾਂ ਰਾਹੀਂ ਗੱਲ ਹੁੰਦੀ ਸੀ। ਕੱਲ੍ਹ ਰਾਤ ਇੰਦਰਜੀਤ ਕੌਰ ਦੇ ਨੰਬਰ ਤੋਂ ਹਨੂੰਮਾਨ ਦੇ ਫੋਨ ਰਾਹੀਂ ਉਸਨੇ 9 ਕਿਲੋ ਪੋਸਤ ਮੰਗੀ। ਸਾਧੂ ਰਾਮ ਤੇ ਹਨੂੰਮਾਨ ਕਾਰ ’ਤੇ 9 ਕਿਲੋ ਪੋਸਤ ਲੈ ਕੇ ਰਿਸਾਲੀਆਖੇੜਾ-ਚੱਕਾ ਕੈਂਚੀਆਂ ’ਤੇ ਪਹੁੰਚ ਗਏ।
ਰਾਤ 9 ਵਜੇ ਇੰਦਰਜੀਤ ਕੌਰ ਤੇ ਸਾਥੀ ਆਲਟੋ ਕਾਰ ’ਤੇ ਉਥੇ ਪੁੱਜ ਗਏ। ਔਰਤ ਨੇ ਉਨ੍ਹਾਂ ਤੋਂ 9 ਕਿੱਲੋ ਪੋਸਤ ਦੀ ਡਲਿਵਰੀ ਮੰਗੀ। ਅੱਗੋਂ ਸਾਧੂ ਰਾਮ ਤੇ ਹਨੂੰਮਾਨ ਨੇ ਇੰਦਰਜੀਤ ਨੂੰ ਕਿਹਾ ਕਿ ‘ਪਹਿਲਾਂ ਪੈਸੇ ਦਿਓ।’ ਪੈਸਿਆਂ ਲਈ ਦੋਵੇਂ ਧਿਰਾਂ ਬਹਿਸ ਪਈਆਂ। ਇੰਦਰਜੀਤ ਕੌਰ ਦੇ 3-4 ਸਾਥੀਆਂ ਨੇ ਸਾਧੂ ਰਾਮ ਤੇ ਹਨੂੰਮਾਨ ’ਤੇ ਹਮਲਾ ਕਰ ਦਿੱਤਾ। ਮਾਰ-ਕੁੱਟ ’ਚ ਸਾਧੂ ਤੇ ਹਨੂੰਮਾਨ ਨੂੰ ਸੱਟਾਂ ਵੱਜੀਆਂ। ਇੰਦਰਜੀਤ ਕੌਰ ਤੇ ਸਾਥੀ ਜ਼ਬਰਦਸਤੀ ਸਵਿਫ਼ਟ ਕਾਰ, ਪੋਸਤ ਤੇ 15 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਹਨੂੰਮਾਨ ਨੂੰ ਸਿਰਸਾ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।