ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 2 ਮਾਰਚ
ਬੇਸ਼ੱਕ ਕਾਂਗਰਸ ਸਰਕਾਰ ਵੱਲੋਂ ਦੁਬਾਰਾ ਜਿੱਤਣ ਲਈ ਸੂਬੇ ਵਿੱਚ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਪਿੰਡ ਰੌਂਤਾ ਦੇ ਗੰਦਗੀ ਨਾਲ ਭਰੇ ਛੱਪੜ ਮੂਹਰੇ ਸਰਕਾਰੀ ਵਾਅਦੇ ਝੂਠੇ ਸਾਬਤ ਹੁੰਦੇ ਹਨ। ਇਸ ਛੱਪੜ ਵਿੱਚ ਘਰਾਂ ਤੇ ਸੀਵਰੇਜ ਦਾ ਗੰਦਾ ਪਾਣੀ ਪੈਣ ਕਾਰਨ ਬਦਬੂ ਆਉਂਦੀ ਹੈ। ਛੱਪੜ ਕੰਢੇ ਕਈ ਰੂੜੀਆਂ ਲੱਗੀਆਂ ਹੋਈਆਂ ਹਨ, ਜੋ ਵੱਖ-ਵੱਖ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ। ਗਰਮੀ ਦੀ ਰੁੱਤ ਵਿੱਚ ਪਾਣੀ ਤਪਣ ਨਾਲ ਛੱਪੜ ਦੁਆਲੇ ਫ਼ਿਰਨੀ ’ਤੋਂ ਲੰਘਣਾਂ ਵੀ ਔਖਾ ਹੋ ਜਾਂਦਾ ਹੈ। ਪਿੰਡ ਦੇ ਸਰਪੰਚ ਬਲਰਾਮ ਸਿੰਘ ਨੇ ਕਿਹਾ ਕਿਛੱਪੜ ਲਈ ਧੇਲੇ ਦੀ ਗ੍ਰਾਂਟ ਵੀ ਨਹੀਂ ਆਈ। ਸਰਕਾਰ ਨੇ ਉਨ੍ਹਾਂ ਦੇ ਪਿੰਡ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਕੇਹਰ ਸਿੰਘ ਸਾਬਕਾ ਸਰਪੰਚ, ਰੇਸ਼ਮ ਸਿੰਘ ਤੂਰ, ਸੀਰਾ ਰਾਇਕਾ, ਪਿੰਦਾ ਦਿਓਲ ਤੇ ਸੇਵਕ ਮੱਲ੍ਹੀ ਸਣੇ ਹੋਰਾਂ ਦਾ ਕਹਿਣਾ ਹੈ ਕਿ ਸਿਹਤ ਲਈ ਖੌਅ ਬਣੇ ਇਸ ਛੱਪੜ ਦਾ ਵਾਟਰ ਟਰੀਟਮੈਂਟ ਕਰਕੇ ਸੋਹਣੀ ਪਾਰਕ , ਸੈਰਗਾਹ ਤੇ ਝੀਲ ਬਣਾਈ ਜਾਵੇ।