ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 18 ਅਗਸਤ
ਨੇੜਲੇ ਪਿੰਡ ਅਰਾਈਆਂ ਵਾਲਾ ਕਲਾਂ ਵਿੱਚ ਮਾਮੂਲੀ ਗੱਲ ਤੋਂ ਹੋਏ ਝਗੜੇ ਕਾਰਨ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਦੋਂ ਕਿ ਦੂਸਰਾ ਨੌਜਵਾਨ ਗੰਭੀਰ ਜ਼ਖ਼ਮੀ ਹੈ। ਮਿਲੀ ਜਾਣਕਾਰੀ ਅਨੁਸਾਰ ਸੋਹਨ ਸਿੰਘ ਅਤੇ ਗੋਗੀ ਸਿੰਘ ਦੁਕਾਨ ’ਤੇ ਸਾਮਾਨ ਲੈਣ ਜਾ ਰਹੇ ਸਨ, ਜਿਨ੍ਹਾਂ ਨੂੰ ਹਰਪਾਲ ਸਿੰਘ, ਅਮਰਜੀਤ ਕੌਰ, ਬੇਅੰਤ ਸਿੰਘ ਅਤੇ ਸੱਤਪਾਲ ਸਿੰਘ ਨੇ ਕਥਿਤ ਤੌਰ ’ਤੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸੋਹਨ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਉਸ ਦਾ ਭਰਾ ਗੋਗੀ ਸਿੰਘ ਗੰਭੀਰ ਜ਼ਖ਼ਮੀ ਗਿਆ ਜੋ ਹੁਣ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਇਲਾਜ ਅਧੀਨ ਹੈ। ਮ੍ਰਿਤਕ ਸੋਹਨ ਸਿੰਘ ਦੇ ਲੜਕੇ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿੱਚ ਉਸ ਦੇ ਪਿਤਾ ਦੀ ਰੇਹੜੀ ਵੱਜ ਗਈ ਸੀ ਅਤੇ ਇਸੇ ਰੰਜਿਸ਼ ਕਰ ਕੇ ਉਨ੍ਹਾਂ ਸਾਰਿਆਂ ਨੇ ਹਮਮਸ਼ਵਰਾ ਹੋ ਕੇ ਉਸ ਦੇ ਪਿਤਾ ਤੇ ਚਾਚੇ ਉੱਤੇ ਕਾਤਲਾਨਾ ਹਮਲਾ ਕਰ ਦਿੱਤਾ। ਥਾਣਾ ਸਦਰ ਫਰੀਦਕੋਟ ਦੀ ਪੁਲੀਸ ਨੇ ਹਰਪਾਲ ਸਿੰਘ, ਅਮਰਜੀਤ ਸਿੰਘ, ਬੇਅੰਤ ਸਿੰਘ ਅਤੇ ਸੱਤਪਾਲ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਹਾਲ ਦੀ ਘੜੀ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।