ਪੱਤਰ ਪ੍ਰੇਰਕ
ਬੋਹਾ , 9 ਅਕਤੂਬਰ
ਬੀਤੀ ਰਾਤ ਸਥਾਨਕ ਗਊਸ਼ਾਲਾ ਵਿਚ ਕੰਮ ਕਰਦੇ ਇਕ ਪਰਵਾਸੀ ਮਜ਼ਦੂਰ ਸ਼ਿਵਾ ਦਾ ਉੱਥੇ ਹੀ ਕੰਮ ਕਰਦੇ ਇਕ ਹੋਰ ਮਜ਼ਦੂਰ ਵੱਲੋਂ ਸਿਰ ਵਿਚ ਬਾਲਾ ਮਾਰ ਕੇ ਕਤਲ ਕਰ ਦਿੱਤਾ ਗਿਆ। ਗਊਸ਼ਾਲਾ ਦੇ ਪ੍ਰਧਾਨ ਪਿਰਥੀ ਸਿੰਘ ਵੱਲੋਂ ਬੋਹਾ ਪੁਲੀਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਮ੍ਰਿਤਕ ਸ਼ਿਵਾ ਦਾ ਇੱਥੇ ਕੰਮ ਕਰਦੇ ਮਜ਼ਦੂਰ ਅੰਗਰੇਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੇਰੋਂ ਵਿਚਕਾਰ ਪਸ਼ੂਆਂ ਦੀ ਸੰਭਾਲ ਨੂੰ ਲੈ ਕੇ ਅਕਸਰ ਤਕਰਾਰ ਚਲਦਾ ਰਹਿੰਦਾ ਸੀ। ਗਊਸ਼ਾਲਾ ਕਮੇਟੀ ਨੇ ਦੋਹਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਬੀਤੀ ਰਾਤ ਉਨ੍ਹਾਂ ਦਾ ਝਗੜਾ ਵੱਧ ਗਿਆ ਤਾਂ ਅੰਗਰੇਜ ਸਿੰਘ ਨੇ ਉਸ ਦੇ ਸਿਰ ਵਿਚ ਲਕੜੀ ਦਾ ਬਾਲਾ ਮਾਰ ਕੇ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ। ਮੌਕੇ ’ਤੇ ਥਾਣਾ ਬੋਹਾ ਦੇ ਐਸ.ਐਚ.ਓ. ਜਸਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਮ੍ਰਿਤਕ ਸ਼ਿਵਾ ਦੀ ਲਾਸ਼ ਨੂੰ ਪੋਸਟਮਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।