ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਫਰਵਰੀ
ਇੱਥੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਤੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਕਾਨੂੰਨੀ ਅਧਿਕਾਰ ਦੇਣ ਲਈ ਲੰਬੀ ਮਨੁੱਖੀ ਭਾਸ਼ਾ ਚੇਤਨਾ ਕੜੀ ਬਣਾਈ ਗਈ। ਇਸ ਮੌਕੇ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਅਤੇ ਸਰੀਰ ਉਪਰ ਪਹਿਨੇ ਕੱਪੜਿਆਂ ’ਤੇ ਮਾਟੋ ਲਿਖ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ।
ਇਸ ਮੌਕੇ ਜਥੇਬੰਦੀ ਕਨਵੀਨਰ ਮਹਿੰਦਰ ਪਾਲ ਲੂੰਬਾ ਨੇ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬੀ ਰਾਜ ਭਾਸ਼ਾ ਐਕਟ 1967 ਹਾਲੇ ਤੱਕ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਸਰਕਾਰੀ ਦਫ਼ਤਰਾਂ ਦੀਆਂ ਚਿੱਠੀਆਂ ਹਾਲੇ ਵੀ ਅੰਗਰੇਜ਼ੀ ਵਿੱਚ ਜਾਰੀ ਹੋ ਰਹੀਆਂ ਹਨ, ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਪਾਬੰਦੀ ਜਾਰੀ ਹੈ ਅਤੇ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਹੋਣ ਦੀ ਲੋੜ ਹੈ ਤੇ ਜਿੱਥੇ ਕਿਤੇ ਵੀ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਉੱਥੇ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਲੇਖਕ ਅਮਰ ਸੂਫੀ, ਸੁਰਜੀਤ ਸਿੰਘ ਬਰਾੜ, ਬੇਅੰਤ ਕੌਰ ਗਿੱਲ, ਗੁਰਮੀਤ ਕੜਿਆਲਵੀ, ਕ੍ਰਿਸ਼ਨ ਪ੍ਤਾਪ, ਚਰਨਜੀਤ ਗਿੱਲ ਅਤੇ ਅਮਰ ਘੋਲੀਆ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਤ ਭਾਸ਼ਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਭਾਈਚਾਰੇ ਦੀਆਂ ਕੋਸ਼ਿਸ਼ਾਂ ਸਦਕਾ ਕਈ ਸਰਕਾਰੀ ਵਿਭਾਗਾਂ ਵਿੱਚ ਕੰਮਕਾਜ ਪੰਜਾਬੀ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਤੁਰੰਤ ਪੰਜਾਬ ਰਾਜ ਭਾਸ਼ਾ ਐਕਟ 1967 ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਮੋਗਾ ਇਕਾਈ ਵੱਲੋਂ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਆਪਣੀਆਂ ਪਿਛਲੇ ਦੋ ਸਾਲ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਬਾਰੇ ਤਿਆਰ ਕੀਤੀ ਗਈ ਪੁਸਤਕ ‘ਦੂਜੀ ਗ਼ਦਰ ਲਹਿਰ ਦਾ ਬਿਗੁਲ’ ਰਿਲੀਜ਼ ਕੀਤੀ ਗਈ ਤੇ ਜਲਦ ਹੀ ਮੋਗਾ ਸ਼ਹਿਰ ਵਿੱਚ ਇੱਕ ਪਬਲਿਕ ਲਾਇਬ੍ਰੇਰੀ ਸਥਾਪਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਸਮਾਜ ਸੇਵੀ ਗੁਰਸੇਵਕ ਸੰਨਿਆਸੀ, ਹਰਜਿੰਦਰ ਸਿੰਘ ਚੁਗਾਵਾਂ, ਦਵਿੰਦਰਜੀਤ ਗਿੱਲ ਤੇ ਲੈਕਚਰਾਰ ਅਮਰਪ੍ਰੀਤ ਕੌਰ ਹਾਜ਼ਰ ਸਨ।