ਨਿੱਜੀ ਪੱਤਰ ਪ੍ਰੇਰਕ
ਸਿਰਸਾ, 22 ਅਕਤੂਬਰ
ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਡਿੰਗ ਮੋੜ ਨੇੜਿਓਂ ਦੋ ਨੌਜਵਾਨਾਂ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਗੁਲਾਮ ਨਬੀ ਉਰਫ਼ ਗਮੀ ਵਾਸੀ ਭੂਰਾਨਪੁਰਾ ਅਤੇ ਸਦਾਮ ਵਾਸੀ ਤਲਵਾੜਾ ਝੀਲ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਅਰਪਿਤ ਜੈਨ ਨੇ ਦੱਸਿਆ ਕਿ ਪੁਲੀਸ ਟੀਮ ਡਿੰਗ ਮੋੜ ਨੇੜੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਫਤਿਹਾਬਾਦ ਵੱਲੋਂ ਆਉਂਦੀ ਬੱਸ ਤੋਂ ਦੋ ਯਾਤਰੀ ਉਤਰੇ ਤੇ ਪੁਲੀਸ ਨੂੰ ਵੇਖ ਕੇ ਖਿਸਕਣ ਲੱਗੇ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਤੋਂ ਪੁੱਛਗਿਛ ਕੀਤੀ ਤਾਂ ਉਹ ਪੁਲੀਸ ਨੂੰ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ। ਇਸ ਲਈ ਪੁਲੀਸ ਦਾ ਸ਼ੱਕ ਹੋਰ ਡੁੰਘਾ ਹੋ ਗਿਆ। ਇਸ ਮਗਰੋਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ’ਚ ਉਨ੍ਹਾਂ ਦੀ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ। ਗੁਲਾਮ ਨਬੀ ਖ਼ਿਲਾਫ਼ ਪਹਿਲਾਂ ਹੀ ਤਸਕਰੀ ਦੇ ਦੋ ਕੇਸ ਦਰਜ ਹਨ।