ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 30 ਅਕਤੂਬਰ
ਮੋਗਾ ਦੇ ਸੰਘਣੀ ਆਬਾਦੀ ਵਾਲੇ ਮੁਹੱਲਾ ਅੰਗਦਪੁਰਾ ਵਿੱਚ ਕਬਾੜ ਦੇ ਗੁਦਾਮ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਆਂਢ ਗੁਆਂਢ ਤੇ ਮੁਹੱਲਾ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਬਾੜੀਏ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਅਤੇ ਮੁਹੱਲਾ ਵਾਸੀਆਂ ਨੇ ਭਾਰੀ ਜੱਦੋ-ਜਹਿਦ ਨਾਲ ਅੱਗ ਉਪਰ ਕਾਬੂ ਪਾਇਆ।
ਕਬਾੜ ਦੇ ਗੁਦਾਮ ਨੂੰ ਅੱਗ ਲੱਗਣ ਨਾਲ ਆਂਢ ਗੁਆਂਢ ਦੀਆਂ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਅਤੇ ਮਕਾਨ ਧੂੰਏਂ ਨਾਲ ਭਰ ਗਏ। ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਿਕਲਣਾ ਪਿਆ। ਰਸਤੇ ਵਿੱਚ ਟੈਂਟ ਲੱਗਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਹੁੰਚਣ ਵਿੱਚ ਦੇਰ ਲੱਗੀ। ਅੱਗ ਬੁਝਾਉਣ ਲਈ ਪਾਣੀ ਦੀਆਂ ਉੱਨੀਂ ਗੱਡੀਆਂ ਲੱਗੀਆਂ। ਅੱਗ ਬੁਝਾਊ ਕਰਮਚਾਰੀਆਂ ਨੇ ਭਾਰੀ ਜੱਦੋਜਹਿਦ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਅੱਗ ਨਾਲ ਭਾਰੀ ਨੁਕਸਾਨ ਹੋਣ ਤੋਂ ਬਚਾਇਆ। ਕੌਂਸਲਰ ਗੌਰਵ ਗੁਪਤਾ ਗੁੱਡੂ, ਕੌਂਸਲਰ ਗੁਰਮਿੰਦਰ ਸਿੰਘ ਬਬਲੂ ਤੇ ਮੇਅਰ ਨੀਤਿਕਾ ਭੱਲਾ ਮੁਹੱਲਾ ਵਾਸੀਆਂ ਨਾਲ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਸਨ। ਲੋਕਾਂ ਨੇ ਮੰਗ ਕੀਤੀ ਕਿ ਇਸ ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕੇ ਵਿਚੋਂ ਕਬਾੜ ਆਦਿ ਦੇ ਗੁਦਾਮ ਚਕਾਏ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ। ਪੀੜਤ ਪਰਿਵਾਰ ਨੂੰ ਦਿਲਾਸਾ ਦਿੰਦਿਆ ਹਲਕਾ ਵਿਧਾਇਕਾ ਅਮਨਦੀਪ ਅਰੋੜਾ ਨੇ ਨਗਰ ਨਿਗਮ ਨੂੰ ਕਬਾੜ ਆਦਿ ਦੇ ਗੁਦਾਮਾਂ ਨੂੰ ਸ਼ਹਿਰ ਦੀ ਆਬਾਦੀ ਵਿੱਚੋਂ ਬਾਹਰ ਲਿਜਾਣ ਲਈ ਆਖਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।