ਰਵਿੰਦਰ ਰਵੀ/ਪੁਨੀਤ ਸ਼ਰਮਾ
ਬਰਨਾਲਾ/ਧਨੌਲਾ, 19 ਅਪਰੈਲ
ਬਰਨਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਇੱਕ ਪ੍ਰਾਈਵੇਟ ਸਕੂਲ ਦੀ ਲਾਪਰਵਾਹੀ ਕਾਰਨ ਤੇਜ਼ ਰਫ਼ਤਾਰ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਸਿਵਲ ਹਸਪਤਾਲ ਧਨੌਲਾ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਬੱਸ ਦੇ ਡਰਾਈਵਰ ਖ਼ਿਲਾਫ਼ ਲਾਪ੍ਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਗਰੀਨ ਫੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੀ ਸਕੂਲ ਬੱਸ ਪਿੰਡ ਪੰਧੇਰ ਅਤੇ ਹੋਰ ਪਿੰਡਾਂ ’ਚ ਬੱਚਿਆਂ ਨੂੰ ਲੈ ਕੇ ਪਿੰਡ ਭੱਠਲਾਂ ਤੋਂ ਧਨੌਲਾ ਜਾ ਰਹੇ ਜਾ ਰਹੀ ਸੀ ਤਾਂ ਅੱਗੇ ਤੋਂ ਆ ਰਹੇ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ। ਰਾਹਗੀਰਾਂ ਮੁਤਾਬਕ ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਹੋਣ ਕਾਰਨ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਦੁਰਘਟਨਾ ’ਚ ਬੱਸ ਦਾ ਡਰਾਈਵਰ, ਮਹਿਲਾ ਹੈਲਪਰ ਅਤੇ 14 ਬੱਚੇ ਜ਼ਖ਼ਮੀ ਹੋ ਗਏ। ਡਾਕਟਰਾਂ ਨੇ 4 ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਰਨਾਲਾ ਦੇ ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਰਾਹਗੀਰਾਂ ਮੁਤਾਬਕ 30 ਸਵਾਰੀਆਂ ਵਾਲੀ ਬੱਸ ’ਚ 40 ਬੱਚੇ ਬਿਠਾਏ ਹੋਏ ਸਨ। ਮਾਪਿਆਂ ਅਤੇ ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਬੇਹਤਾਸ਼ਾ ਦਾਖ਼ਲਾ ਫੀਸ ਅਤੇ ਹੋਰ ਬੇਲੋੜੀਆਂ ਫੀਸਾਂ ਦੀ ਮੰਗ ਕੀਤੀ ਜਾਂਦੀ ਹੈ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦੀ ਜਾਂਚ ਕੀਤੀ ਜਾਵੇ।