ਪੱਤਰ ਪ੍ਰੇਰਕ
ਨਥਾਣਾ, 17 ਜੂਨ
ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਮਘਦਾ ਰੱਖਣ ਲਈ ਕਿਸਾਨ ਮਹਿਲਾਵਾਂ ਨੇ ਆਪਣਾ ਡਟਵਾਂ ਸਮਰਥਨ ਦੇਣਾ ਸੁਰੂ ਕੀਤਾ ਹੋਇਆ ਹੈ। ਇੰਨ੍ਹੀਂ ਦਿਨੀਂ ਝੋਨੇ ਦੀ ਲਵਾਈ ਜ਼ੋਰਾਂ ’ਤੇ ਹੋਣ ਕਾਰਨ ਕਿਸਾਨ ਪੂਰੀ ਤਰ੍ਹਾਂ ਰੁਝੇ ਹੋਏ ਹਨ ਅਜਿਹੀ ਸਥਿਤੀ ’ਚ ਪਿੰਡ ਬੱਜੋਆਣਾ ਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਤ ਮਹਿਲਾਵਾਂ ਦਾ ਜਥਾ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ। ਜਥੇ ਦੀ ਅਗਵਾਈ ਕਰਦਿਆਂ ਇਕਾਈ ਪ੍ਰਧਾਨ ਜਤਿੰਦਰ ਕੌਰ ਅਤੇ ਮਹਿੰਦਰ ਕੌਰ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਵਿੱਚੋਂ ਵਾਲੰਟੀਅਰ ਭੇਜਣ ਦੇ ਨਾਲ ਨਾਲ ਰਾਸ਼ਨ ਸਮੱਗਰੀ ਅਤੇ ਹੋਰ ਲੋੜੀਦਾ ਸਾਮਾਨ ਵੀ ਭੇਜਿਆ ਜਾ ਰਿਹਾ ਹੈ।